ਸ੍ਰੀਨਗਰ, 3 ਨਵੰਬਰ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਅੱਜ ਕਿਹਾ ਕਿ ਉਹ ਉਨ੍ਹਾਂ ਸਾਰੇ ਵਿਦਿਆਰਥੀਆਂ ਦੀ ਕਾਨੂੰਨੀ ਮਦਦ ਕਰੇਗੀ, ਜਿਨ੍ਹਾਂ ਖ਼ਿਲਾਫ਼ ਮੌਜੂਦਾ ਟੀ-20 ਵਿਸ਼ਵ ਕੱਪ ਦੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇ ਸਬੰਧ ਵਿੱਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀਡੀਪੀ ਤਰਜਮਾਨ ਅਨਿਲ ਸੇਠੀ ਨੇ ਟਵੀਟ ਕੀਤਾ, ‘‘ਪੀਡੀਪੀ ਨੇ ਯੂਏਪੀਏ ਤਹਿਤ ਬੁੱਕ ਕੀਤੇ ਉਨ੍ਹਾਂ ਸਾਰੇ ਵਿਦਿਅਰਥੀਆਂ ਨੂੰ ਕਾਨੂੰਨੀ ਇਮਦਾਦ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਨਿਆਂ ਤੱਕ ਪਹੁੰਚ ਸੰਭਵ ਨਹੀਂ ਹੈ।’’ ਸੇਠੀ ਨੇ ਕਿਹਾ, ‘‘ਜਿਸ ਕਿਸੇ ਨੂੰ ਵੀ ਕਾਨੂੰਨੀ ਮਦਦ ਦੀ ਲੋੜ ਹੈ, ਉਹ ਸੰਪਰਕ ਕਰ ਸਕਦੇ ਹਨ।’’ ਕਾਬਿਲੇਗੌਰ ਹੈ ਕਿ 25 ਅਕਤੂੁਬਰ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਟੀ-20 ਵਿਸ਼ਵ ਕੱਪ ਦੇ ਮੈਚ ਦੌਰਾਨ ਭਾਰਤ ਦੀ ਹਾਰ ’ਤੇ ਆਗਰਾ ਵਿੱਚ ਪਾਕਿਸਤਾਨ ਪੱਖੀ ਨਾਅਰੇ ਲਾਉਣ ਦੇ ਦੋਸ਼ ਵਿੱਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਗਰਾ ਵਿਚਲੀਆਂ ਵਕੀਲਾਂ ਦੀਆਂ ਕਈ ਐਸੋਸੀਏਸ਼ਨਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ‘ਦੇਸ਼ ਵਿਰੋਧੀ’ ਦਸਦਿਆਂ ਕੋਈ ਵੀ ਕਾਨੂੰਨੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਸ੍ਰੀਨਗਰ ਦੇ ਦੋ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਗਏ ਸਨ। -ਪੀਟੀਆਈ