ਨਵੀਂ ਦਿੱਲੀ, 4 ਸਤੰਬਰ
ਅਸਾਮ ਦੇ ਕਰਬੀ ਐਂਗਲੌਂਗ ਖ਼ਿੱਤੇ ’ਚ ਕਈ ਸਾਲਾਂ ਤੋਂ ਜਾਰੀ ਹਿੰਸਾ ਨੂੰ ਖ਼ਤਮ ਕਰਨ ਲਈ ਅੱਜ ਕੇਂਦਰ, ਪੰਜ ਬਾਗ਼ੀ ਗੁਟਾਂ ਅਤੇ ਸੂਬਾ ਸਰਕਾਰ ਵਿਚਕਾਰ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਝੌਤੇ ਨਾਲ ਕਰਬੀ ਐਂਗਲੌਂਗ ’ਚ ਸਥਾਈ ਸ਼ਾਂਤੀ ਦੇ ਨਾਲ ਖ਼ਿੱਤੇ ਦਾ ਚੌਤਰਫ਼ਾ ਵਿਕਾਸ ਹੋਵੇਗਾ। ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕਰਨ ਵਾਲੇ ਬਾਗ਼ੀ ਗੁਟਾਂ ’ਚ ਪੀਪਲਜ਼ ਡੈਮੋਕਰੈਟਿਕ ਕਾਊਂਸਿਲ ਆਫ਼ ਕਰਬੀ ਲੌਂਗਰੀ, ਕਰਬੀ ਲੌਂਗਰੀ ਐੱਨਸੀ ਹਿੱਲਜ਼ ਲਬਿਰੇਸ਼ਨ ਫਰੰਟ, ਕਰਬੀ ਪੀਪਲਜ਼ ਲਬਿਰੇਸ਼ਨ ਟਾਈਗਰ, ਕੂਕੀ ਲਬਿਰੇਸ਼ਨ ਫਰੰਟ ਅਤੇ ਯੂਨਾਈਟਿਡ ਪੀਪਲਜ਼ ਲਬਿਰੇਸ਼ਨ ਆਰਮੀ ਸ਼ਾਮਲ ਹਨ। ਇਨ੍ਹਾਂ ਗੁਟਾਂ ਦੇ ਕਰੀਬ ਇਕ ਹਜ਼ਾਰ ਦਹਿਸ਼ਤਗਰਦ ਆਪਣੇ ਹਥਿਆਰਾਂ ਨਾਲ ਆਤਮ-ਸਮਰਪਣ ਕਰਕੇ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਕਰਬੀ-ਐਂਗਲੌਂਗ ਸਮਝੌਤੇ ’ਤੇ ਦਸਤਖ਼ਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਖਵਾਦ ਮੁਕਤ ਖ਼ੁਸ਼ਹਾਲ ਉੱਤਰ-ਪੂਰਬ ਦੇ ਦ੍ਰਿਸ਼ਟੀਕੋਣ ’ਚ ਇਕ ਹੋਰ ਮੀਲ ਦਾ ਪੱਥਰ ਗੱਡਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕਰਬੀ ਐਂਗਲੌਂਗ ਦੇ ਵਿਕਾਸ ਲਈ ਇਕ ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਸਮਝੌਤਾ ਸਮੇਂ ਦੇ ਅੰਦਰ ਲਾਗੂ ਹੋਵੇਗਾ। ਇਸ ਮੌਕੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਉੱਤਰ-ਪੂਰਬ ਅਤੇ ਅਸਾਮ ’ਚ ਸ਼ਾਂਤੀ ਕਾਇਮ ਕਰਨ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੱਤਾ। -ਪੀਟੀਆਈ