ਨਵੀਂ ਦਿੱਲੀ, 10 ਜੁਲਾਈ
ਕੇਂਦਰ ਨੇ ਸੰਵਿਧਾਨ ਦੀ ਧਾਰਾ 370 ਮਨਸੂਖ਼ ਕੀਤੇ ਜਾਣ ਦਾ ਬਚਾਅ ਕਰਦਿਆਂ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਪੂਰਾ ਜੰਮੂ ਕਸ਼ਮੀਰ ਖੇਤਰ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੇ ‘ਨਿਵੇਕਲੇ’ ਯੁੱਗ ਦਾ ਗਵਾਹ ਹੈ ਅਤੇ ਅਤਿਵਾਦੀਆਂ ਤੇ ਵੱਖਵਾਦੀਆਂ ਵੱਲੋਂ ਭੜਕਾਈ ਜਾਂਦੀ ਹਿੰਸਾ ਹੁਣ ‘ਬੀਤੇ ਦੀ ਗੱਲ’ ਹੋ ਗਈ ਹੈ। ਕੇਂਦਰ ਨੇ ਸਿਖਰਲੀ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰ ਕੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਖੇਤਰ ਵਿੱਚ ‘ਵਿਸ਼ੇਸ਼ ਸੁਰੱਖਿਆ ਸਥਿਤੀ’ ਦਾ ਹਵਾਲਾ ਦਿੰਦਿਆਂ ਕੇਂਦਰ ਨੇ ਕਿਹਾ ਕਿ ਸਾਲ 2018 ਵਿੱਚ ਪੱਥਰਬਾਜ਼ੀ ਦੀਆਂ ਸਭ ਤੋਂ ਵੱਧ 1,767 ਘਟਨਾਵਾਂ ਵਾਪਰੀਆਂ ਸਨ, ਜੋ 2023 ਵਿੱਚ ਘਟ ਕੇ ਨਾ ਦੇ ਬਰਾਬਰ ਪਹੁੰਚ ਗਈਆਂ। ਇਸੇ ਤਰ੍ਹਾਂ ਸੁਰੱਖਿਆ ਜਵਾਨਾਂ ਦਾ ਨੁਕਸਾਨ ਵੀ 65.9 ਫ਼ੀਸਦੀ ਤੱਕ ਘੱਟ ਗਿਆ ਹੈ। -ਪੀਟੀਆਈ