ਨਵੀਂ ਦਿੱਲੀ/ਗਵਾਲੀਅਰ: ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਧਰਨਾ ‘ਆਪਣੀ ਤਰ੍ਹਾਂ ਦਾ ਵੱਖਰਾ ਅੰਦੋਲਨ’ ਹੈ, ਜੋ ਮਹਿਜ਼ ‘ਇਕ ਸੂਬੇ ਤੱਕ ਸੀਮਤ’ ਹੈ। ਇਥੇ ਸਨਅਤੀ ਸੰਗਠਨ ਐਸੋਚੈਮ ਵੱਲੋਂ ਵਿਉਂਤੀ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਜਾਰੀ ਹੈ ਤੇ ਆਸ ਹੈ ਕਿ ਜਲਦੀ ਹੀ ਹੱਲ ਨਿਕਲ ਆਏਗਾ। ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ, ‘ਖੇਤੀ ਸੈਕਟਰ ਵਿੱਚ ਕੀਤੇ ਹਾਲੀਆ ਸੁਧਾਰਾਂ ਨੂੰ ਲੈ ਕੇ ਦੇਸ਼ ਵਿੱਚ ਉਤਸ਼ਾਹ ਦਾ ਮਾਹੌਲ ਹੈ।’ ਤੋਮਰ ਨੇ ਕਿਹਾ ਕਿ ਜਿੱਥੇ ਇਕ ਪਾਸੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਜਾਰੀ ਹੈ, ਉਥੇ ਦੂਜੇ ਪਾਸੇ ਲੱਖਾਂ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਦੌਰਾਨ ਗਵਾਲੀਅਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ ਜਦੋਂਕਿ ਪੰਜਾਬ ਦੇ ਕਿਸਾਨਾਂ ਨੂੰ ਵਿਰੋਧੀ ਧਿਰਾਂ ‘ਗੁੰਮਰਾਹ’ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਪੰਜਾਬ ਦੇ ਕਿਸਾਨ ਥੋੜ੍ਹਾ ਗੁੱਸੇ ’ਚ ਹਨ, ਪਰ ਅਸੀਂ ਜਲਦੀ ਹੀ ਹੱਲ ਕੱਢ ਲਵਾਂਗੇ।’ -ਪੀਟੀਆਈ