ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਫਰਵਰੀ
ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕਿਸਾਨ ਅੰਦੋਲਨ ’ਤੇ ਕੇਂਦਰ ਸਰਕਾਰ ਵੱਲੋਂ ਅਪਣਾਏ ਗਏ ਵਤੀਰੇ ਦੀ ਅੱਜ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਕਿਸਾਨ ਅੰਦੋਲਨ ਛੇਤੀ ਹੀ ਕੌਮਾਂਤਰੀ ਮੁੱਦਾ ਬਣ ਸਕਦਾ ਹੈ ਕਿਉਂਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਕਿਰਤ ਜਥੇਬੰਦੀ ਕੋਲ ਪਹੁੰਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵੀ ਇਸ ਜਥੇਬੰਦੀ ਦਾ ਮੈਂਬਰ ਹੈ ਅਤੇ ਕੌਮਾਂਤਰੀ ਕਿਰਤ ਜਥੇਬੰਦੀ ਇਸ ਮੁੱਦੇ ’ਤੇ ਭਾਰਤ ਨੂੰ ਪੱਖ ਰੱਖਣ ਲਈ ਸੱਦ ਸਕਦੀ ਹੈ। ਸਵਾਮੀ ਮੁਤਾਬਕ ਕਿਰਤ ਮਾਪਦੰਡਾਂ ਬਾਰੇ ਕਮੇਟੀ ਦੇ ਚੇਅਰਮੈਨ ਰਹਿੰਦਿਆਂ ਉਨ੍ਹਾਂ ਸਰਕਾਰ ਲਈ 1996 ’ਚ ਰਿਪੋਰਟ ਤਿਆਰ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਕੋਈ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਹੀ ਨਹੀਂ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਵਾਪਸ ਚਲੇ ਗਏ। ਇਸ ਵੇਲੇ ਚੀਨ ਨਾਲ ਸਮਝੌਤਾ ਕਰਨਾ ਆਤਮਸਮਰਪਣ ਕਰਨਾ ਹੈ ਜਿਸ ਦਾ ਮਕਸਦ ਚੀਨ ਨੂੰ ਖੁਸ਼ ਕਰਨਾ ਹੀ ਹੈ। ਭਾਰਤ ਦੀ ਇਸ ਕਾਰਵਾਈ ਨਾਲ ਚੀਨ ਝੂਮ ਉੱਠਿਆ ਹੋਵੇਗਾ। ਭਾਰਤ ਨੂੰ 10 ਅਪਰੈਲ ਵਾਲੇ ਦਿਨ ਦੀ ਸਥਿਤੀ ਰੱਖਣ ਉੱਤੇ ਜ਼ੋਰ ਦੇਣਾ ਚਾਹੀਦਾ ਹੈ।