ਨਵੀਂ ਦਿੱਲੀ, 21 ਜੁਲਾਈ
ਸੂਚਨਾ ਤਕਨਾਲੋਜੀ ਬਾਰੇ ਕਾਂਗਰਸੀ ਆਗੂ ਦੀ ਅਗਵਾਈ ਵਾਲਾ ਇਕ ਸੰਸਦੀ ਪੈਨਲ ਪੈਗਾਸਸ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਕਈਆਂ ਦੇ ਫੋਨ ਟੇਪ ਕਰਨ ਦੇ ਦੋਸ਼ਾਂ ਦੇ ਸਬੰਧ ਵਿਚ ਅਗਲੇ ਹਫ਼ਤੇ ਗ੍ਰਹਿ ਮੰਤਰਾਲੇ ਸਮੇਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿਛ ਕਰ ਸਕਦਾ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਇਕ ਕੌਮਾਂਤਰੀ ਮੀਡੀਆ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂ, ਦੋ ਕੇਂਦਰੀ ਮੰਤਰੀ, ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਅਤੇ 40 ਦੇ ਕਰੀਬ ਪੱਤਰਕਾਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੇ ਫੋਨ ਨੰਬਰ ਉਸ ਸੂਚੀ ਵਿਚ ਸਨ ਜਿਨ੍ਹਾਂ ਨੂੰ ਇਜ਼ਰਾਇਲ ਦੇ ਸਪਾਈਵੇਅਰ ਰਾਹੀਂ ਹੈਕ ਕੀਤਾ ਜਾਣਾ ਸੀ। ਲੋਕ ਸਭਾ ਸਕੱਤਰੇਤ ਤੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੂਚਨਾ ਤਕਨਾਲੋਜੀ ਬਾਰੇ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ 32 ਮੈਂਬਰੀ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ 28 ਜੁਲਾਈ ਨੂੰ ਹੋਣੀ ਹੈ। ਮੀਟਿੰਗ ਦਾ ਏਜੰਡਾ ‘ਨਾਗਰਿਕਾਂ ਦੇ ਡੇਟਾ ਦੀ ਸੁਰੱਖਿਆ ਤੇ ਨਿੱਜਤਾ’ ਹੈ।-ਏਜੰਸੀ