ਨਵੀਂ ਦਿੱਲੀ, 23 ਜੁਲਾਈ
ਮੁੱਖ ਅੰਸ਼
- ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਸੂਸੀ ਕਾਂਡ ਦੀ ਜੁਡੀਸ਼ਲ ਜਾਂਚ ਕਰਾਉਣ ਲਈ ਉਠਾਈ ਮੰਗ
ਪੈਗਾਸਸ ਜਾਸੂਸੀ ਕਾਂਡ ਦੇ ਮੁੱਦੇ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਵੱਲੋਂ ਅੱਜ ਸੰਸਦ ਪਰਿਸਰ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਕਾਂਡ ਦੀ ਜੁਡੀਸ਼ਲ ਜਾਂਚ ਕਰਵਾਈ ਜਾਵੇ। ਪ੍ਰਦਰਸ਼ਨ ’ਚ ਕਾਂਗਰਸ ਦੇ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਕੇ ਸੀ ਵੇਣੂਗੋਪਾਲ, ਸ਼ਸ਼ੀ ਥਰੂਰ, ਡੀਐੱਮਕੇ ਦੀ ਕਨੀਮੋੜੀ ਅਤੇ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਵੀ ਹਾਜ਼ਰ ਸਨ। ਸੰਸਦ ਮੈਂਬਰਾਂ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਪੈਗਾਸਸ ਜਾਸੂਸੀ ਕਾਂਡ ਦੀ ਜਾਂਚ ਕਰਾਉਣ ਦੀ ਮੰਗ ਸਬੰਧੀ ਹੱਥਾਂ ’ਚ ਬੈਨਰ ਫੜਿਆ ਹੋਇਆ ਸੀ ਅਤੇ ਉਹ ‘ਯੇ ਜਾਸੂਸੀ ਬੰਦ ਕਰੋ’ ਦੇ ਨਾਅਰੇ ਲਗਾ ਰਹੇ ਸਨ। ਵਿਰੋਧੀ ਧਿਰਾਂ ਨੇ ਸਰਕਾਰ ’ਤੇ ਜਾਸੂਸੀ ਕਰਾਉਣ ਦੇ ਦੋਸ਼ ਲਾਉਂਦਿਆਂ ਸੰਸਦ ਦੀ ਕਾਰਵਾਈ ਠੱਪ ਕੀਤੀ ਹੋਈ ਹੈ। ਇਜ਼ਰਾਈਲ ਦੇ ਐੱਨਐੱਸਓ ਗਰੁੱਪ ’ਤੇ ਕੇਂਦਰੀ ਮੰਤਰੀਆਂ, ਵਿਰੋਧੀ ਧਿਰ ਦੇ ਆਗੂਆਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਸਮੇਤ ਕਰੀਬ 300 ਵਿਅਕਤੀਆਂ ਦੇ ਮੋਬਾਈਲ ਫੋਨ ਨੰਬਰਾਂ ਰਾਹੀਂ ਜਾਸੂਸੀ ਕਰਾਉਣ ਦੇ ਦੋਸ਼ ਲੱਗੇ ਹਨ। -ਪੀਟੀਆਈ