ਨਵੀਂ ਦਿੱਲੀ, 25 ਜੁਲਾਈ
ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਵਰਤੋਂ ਕਰਕੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਅਧਿਕਾਰੀਆਂ ਦੀ ਕਥਿਤ ਜਾਸੂਸੀ ਕਰਾਉਣ ਦੇ ਮਾਮਲੇ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਾਉਣ ਦੀ ਮੰਗ ਲਈ ਰਾਜ ਸਭਾ ਮੈਂਬਰ ਅਤੇ ਸੀਪੀਐੱਮ ਦੇ ਆਗੂ ਜੌਹਨ ਬ੍ਰਿਟਾਸ ਨੇ ਸੁਪਰੀਮ ਕੋਰਟ ’ਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਹੈ। ਬ੍ਰਿਟਾਸ ਨੇ ਕਿਹਾ ਹੈ ਕਿ ਜਾਸੂਸੀ ਦੇ ਦੋਸ਼ਾਂ ਨਾਲ ਮੁਲਕ ਦੇ ਵੱਡੇ ਵਰਗ ’ਚ ਚਿੰਤਾ ਪੈਦਾ ਹੋ ਗਈ ਹੈ ਅਤੇ ਜਾਸੂਸੀ ਕਾਰਨ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਵੀ ਮਾੜਾ ਅਸਰ ਪਵੇਗਾ। ਸੀਪੀਐੱਮ ਆਗੂ ਨੇ ਐਤਵਾਰ ਨੂੰ ਬਿਆਨ ’ਚ ਕਿਹਾ ਕਿ ਬਹੁਤ ਗੰਭੀਰ ਮਾਮਲਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਦੋਸ਼ਾਂ ਦੀ ਜਾਂਚ ਕਰਾਉਣ ਦੀ ਕੋਈ ਪ੍ਰਵਾਹ ਨਹੀਂ ਕੀਤੀ ਹੈ। ਉਨ੍ਹਾਂ ਕਿਹਾ,‘‘ਇਸ ਸਬੰਧ ’ਚ ਸੰਸਦ ’ਚ ਵੀ ਕਈ ਸਵਾਲ ਉਠਾਏ ਗਏ ਸਨ ਪਰ ਸਰਕਾਰ ਨੇ ਸਪਾਈਵੇਅਰ ਰਾਹੀਂ ਜਾਸੂਸੀ ਤੋਂ ਨਾ ਤਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਇਸ ਨੂੰ ਮੰਨਿਆ ਹੈ।’’ ਬ੍ਰਿਟਾਸ ਨੇ ਐਤਵਾਰ ਨੂੰ ਇਹ ਵੀ ਦਾਅਵਾ ਕੀਤਾ ਕਿ ਦੋਸ਼ਾਂ ਨਾਲ ਦੋ ਸਿੱਟੇ ਨਿਕਲਦੇ ਹਨ, ਜਾਂ ਤਾਂ ਜਾਸੂਸੀ ਸਰਕਾਰ ਵੱਲੋਂ ਜਾਂ ਫਿਰ ਕਿਸੇ ਵਿਦੇਸ਼ੀ ਵੱਲੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਰਕਾਰ ਵੱਲੋਂ ਕਰਵਾਈ ਗਈ ਹੈ ਤਾਂ ਇਹ ਗ਼ੈਰਕਾਨੂੰਨੀ ਤਰੀਕਾ ਹੈ। ਜੇਕਰ ਕਿਸੇ ਵਿਦੇਸ਼ੀ ਏਜੰਸੀ ਵੱਲੋਂ ਜਾਸੂਸੀ ਕੀਤੀ ਗਈ ਹੈ ਤਾਂ ਇਹ ਬਾਹਰੀ ਦਖ਼ਲਅੰਦਾਜ਼ੀ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਸਿੱਝਣ ਦੀ ਲੋੜ ਹੈ। -ਪੀਟੀਆਈ
‘ਮੋਦੀ ਸੰਸਦ ’ਚ ਬਿਆਨ ਦੇ ਕੇ ਸਥਿਤੀ ਸਪੱਸ਼ਟ ਕਰਨ’
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਹੈ ਕਿ ਸਰਕਾਰ ਨੂੰ ਪੈਗਾਸਸ ਜਾਸੂਸੀ ਕਾਂਡ ਦੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣੀ ਚਾਹੀਦੀ ਹੈ ਜਾਂ ਸੁਪਰੀਮ ਕੋਰਟ ਨੂੰ ਮੌਜੂਦਾ ਜੱਜ ਨਿਯੁਕਤ ਕਰਕੇ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਬੇਨਤੀ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ’ਚ ਬਿਆਨ ਦੇ ਕੇ ਸਪੱਸ਼ਟ ਕਰਨ ਕਿ ਕੀ ਕੋਈ ਜਾਸੂਸੀ ਹੋਈ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸੰਸਦ ਦੇ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਸ੍ਰੀ ਮੋਦੀ ਨੂੰ ਪੈਗਾਸਸ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ 2019 ਦੀਆਂ ਚੋਣਾਂ ’ਚ ਗ਼ੈਰਕਾਨੂੰਨੀ ਢੰਗ ਨਾਲ ਜਾਸੂਸੀ ਕਰਵਾ ਕੇ ਕੋਈ ਫ਼ਤਵਾ ਹਾਸਲ ਨਹੀਂ ਕਰ ਸਕਦਾ ਹੈ ਪਰ ਭਾਜਪਾ ਨੂੰ ਇਸ ਨਾਲ ਜ਼ਰੂਰ ਕੋਈ ‘ਸਹਾਇਤਾ’ ਮਿਲੀ ਹੋ ਸਕਦੀ ਹੈ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਚਿਦੰਬਰਮ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਤੋਂ ਜਾਂਚ ਕਰਵਾਏ ਜਾਣ ਦੀ ਥਾਂ ’ਤੇ ਇਸ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਾਉਣਾ ਵਧੇਰੇ ਸਹੀ ਹੋਵੇਗਾ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸ਼ਸ਼ੀ ਥਰੂਰ ਦੀ ਅਗਵਾਈ ਹੇਠਲੀ ਆਈਟੀ ਬਾਰੇ ਸੰਸਦੀ ਕਮੇਟੀ ਦੀ ਜਾਂਚ ’ਚ ਕੁਝ ਨਹੀਂ ਨਿਕਲੇਗਾ ਕਿਉਂਕਿ ਉਸ ਕਮੇਟੀ ’ਚ ਭਾਜਪਾ ਦੇ ਮੈਂਬਰਾਂ ਦਾ ਬਹੁਮਤ ਹੈ ਅਤੇ ਉਹ ਮਾਮਲੇ ਦੀ ਮੁਕੰਮਲ ਜਾਂਚ ਦੀ ਇਜਾਜ਼ਤ ਨਹੀਂ ਦੇਣਗੇ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਜਾਸੂਸੀ ਕਾਂਡ ਬਾਰੇ ਸੰਸਦ ’ਚ ਦਿੱਤੇ ਗਏ ਬਿਆਨ ’ਤੇ ਚਿਦੰਬਰਮ ਨੇ ਕਿਹਾ ਕਿ ਉਹ ‘ਸਿਆਣਾ ਮੰਤਰੀ’ ਹੈ ਅਤੇ ਉਸ ਦੇ ਬਿਆਨ ’ਚ ‘ਬਹੁਤ ਹੀ ਚਤੁਰਾਈ ਨਾਲ ਸ਼ਬਦ’ ਘੜੇ ਗਏ ਹਨ। ਉਨ੍ਹਾਂ ਸਵਾਲ ਦਾਗ਼ਦਿਆਂ ਕਿਹਾ ਕਿ ਕੀ ਪੈਗਾਸਸ ਰਾਹੀਂ ਜਾਸੂਸੀ ਕਰਵਾਈ ਗਈ ਸੀ ਜਾਂ ਨਹੀਂ। ‘ਜੇਕਰ ਪੈਗਾਸਸ ਸਪਾਈਵੇਅਰ ਦੀ ਵਰਤੋਂ ਕੀਤੀ ਗਈ ਸੀ ਤਾਂ ਇਸ ਦੀ ਸਹਾਇਤਾ ਕਿਸ ਨੇ ਲਈ? ਕੀ ਸਰਕਾਰ ਵੱਲੋਂ ਉਸ ਨੂੰ ਜਾਸੂਸੀ ਦਾ ਕੰਮ ਸੌਂਪਿਆ ਗਿਆ ਸੀ ਜਾਂ ਉਸ ਦੀ ਕਿਸੇ ਏਜੰਸੀ ਨੇ ਇਹ ਕੰਮ ਦਿੱਤਾ ਸੀ।’ ਉਨ੍ਹਾਂ ਸਰਕਾਰ ਨੂੰ ਸਪਾਈਵੇਅਰ ਨੂੰ ਦਿੱਤੀ ਗਈ ਰਾਸ਼ੀ ਬਾਰੇ ਵੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਰਾਂਸ ਅਤੇ ਇਜ਼ਰਾਈਲ ਵੱਲੋਂ ਜਾਂਚ ਦੇ ਹੁਕਮ ਦਿੱਤੇ ਜਾ ਸਕਦੇ ਹਨ ਤਾਂ ਭਾਰਤ ਨੂੰ ਜਾਂਚ ਦੇ ਹੁਕਮ ਕਿਉਂ ਨਹੀਂ ਦਿੱਤੇ ਜਾਣੇ ਚਾਹੀਦੇ ਹਨ। -ਪੀਟੀਆਈ
ਪੈਗਾਸਸ ਜਾਸੂਸੀ: ਫਰਾਂਸ ਦੇ ਰਾਸ਼ਟਰਪਤੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ
ਯੇਰੋਸ਼ਲਮ: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਮੋਰੱਕੋ ਦੇ ਸੁਰੱਖਿਆ ਬਲਾਂ ਵੱਲੋਂ ਪੈਗਾਸਸ ਸਪਾਈਵੇਅਰ ਰਾਹੀਂ ਉਨ੍ਹਾਂ ਦੇ ਮੋਬਾਈਲ ਫੋਨ ਦੀ ਜਾਸੂਸੀ ਕਰਨ ਦੀਆਂ ਰਿਪੋਰਟਾਂ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਗੱਲਬਾਤ ਕੀਤੀ। ਇਜ਼ਰਾਈਲ ਦੇ ਚੈਨਲ 12 ਨੇ ਸ਼ਨਿਚਰਵਾਰ ਸ਼ਾਮ ਨੂੰ ਦੱਸਿਆ ਕਿ ਮੈਕਰੌਂ ਨੇ ਬੈਨੇਟ ਨੂੰ ਵੀਰਵਾਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਤੋਂ ‘ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ’ ਦੀ ਅਪੀਲ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਸ਼ ਉਸ ਵੇਲੇ ਦੇ ਹਨ ਜਦੋਂ ਉਨ੍ਹਾਂ ਅਜੇ ਕਾਰਜਕਾਲ ਨਹੀਂ ਸੰਭਾਲਿਆ ਸੀ ਪਰ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਤਹਿਕੀਕਾਤ ਕਰਕੇ ਕਿਸੇ ਸਿੱਟੇ ’ਤੇ ਪਹੁੰਚਿਆ ਜਾਵੇਗਾ। ਉਧਰ ਮੋਰੱਕੋ ਸਰਕਾਰ ਨੇ ਇਨ੍ਹਾਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ ਕਿ ਦੇਸ਼ ਦੇ ਸੁਰੱਖਿਆ ਬਲਾਂ ਨੇ ਫਰਾਂਸ ਦੇ ਰਾਸ਼ਟਰਪਤੀ ਅਤੇ ਹੋਰ ਹਸਤੀਆਂ ਦੇ ਫੋਨ ’ਤੇ ਨਜ਼ਰ ਰੱਖਣ ਲਈ ਪੈਗਾਸਸ ਸਾਫ਼ਟਵੇਅਰ ਦੀ ਸੰਭਾਵੀ ਵਰਤੋਂ ਕੀਤੀ ਸੀ। -ਪੀਟੀਆਈ