ਕੋਲਕਾਤਾ/ਅਮਰਾਵਤੀ, 17 ਮਾਰਚ
ਇੱਕ ਦਿਨ ਪਹਿਲਾਂ ਮਮਤਾ ਬੈਨਰਜੀ ਵੱਲੋਂ ਇਹ ਖੁਲਾਸਾ ਕੀਤੇ ਜਾਣ ਕਿ ਉਨ੍ਹਾਂ ਦੀ ਸਰਕਾਰ ਨੂੰ ਵਿਵਾਦਤ ਪੈਗਾਸਸ ਸਪਾਈਵੇਅਰ ਦੀ ਪੇਸ਼ਕਸ਼ ਕੀਤੀ ਗਈ ਸੀ, ਤੋਂ ਬਾਅਦ ਅੱਜ ਇਸ ਸਬੰਧੀ ਹੋਰ ਵੇਰਵੇ ਨਸ਼ਰ ਕਰਦਿਆਂ ਕਿਹਾ ਕਿ 4-5 ਸਾਲ ਪਹਿਲਾਂ ਸੂਬੇ ਦੀ ਪੁਲੀਸ ਤੱਕ ਪਹੁੰਚ ਕਰਕੇ ਇਹ ਵਿਵਾਦਤ ਇਜ਼ਰਾਇਲੀ ਸਪਾਈਵੇਅਰ ਸਿਰਫ਼ 25 ਕਰੋੜ ਰੁਪਏ ’ਚ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਇਸ ਸਪਾਈਵੇਅਰ ਦੀ ਵਰਤੋਂ ਦੇਸ਼ ਦੀ ਸੁਰੱਖਿਆ ਦੀ ਥਾਂ ਆਪਣੇ ਸਿਆਸੀ ਹਿੱਤਾਂ ਖਾਤਰ ਜੱਜਾਂ ਤੇ ਅਧਿਕਾਰੀਆਂ ਜਾਸੂਸੀ ਲਈ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਇਸ ਸਪਾਈਵੇਅਰ ਦੀ ਖਰੀਦ ਕੀਤੀ ਹੈ। ਉਨ੍ਹਾਂ ਇੱਥੇ ਸਕੱਤਰੇਤ ’ਚ ਗੱਲਬਾਤ ਕਰਦਿਆਂ ਕਿਹਾ, ‘ਉਨ੍ਹਾਂ (ਪੈਗਾਸਸ ਤਿਆਰ ਕਰਨ ਵਾਲੀ ਕੰਪਨੀ ਐਨਐੱਸਓ) ਨੇ ਸਪਾਈਵੇਅਰ ਵੇਚਣ ਲਈ ਹਰ ਕਿਸੇ ਨਾਲ ਸੰਪਰਕ ਕੀਤਾ ਸੀ। 4-5 ਸਾਲ ਪਹਿਲਾਂ ਉਨ੍ਹਾਂ ਸਾਡੀ ਪੁਲੀਸ ਤੱਕ ਵੀ ਪਹੁੰਚ ਕੀਤੀ ਤੇ ਇਸ ਨੂੰ ਸਿਰਫ਼ 25 ਕਰੋੜ ਰੁਪਏ ’ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਕਿਹਾ ਸੀ ਕਿ ਸਾਨੂੰ ਇਸ ਦੀ ਲੋੜ ਨਹੀਂ ਹੈ।’
ਜ਼ਿਕਰਯੋਗ ਹੈ ਕਿ ਉਨ੍ਹਾਂ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਚੰਦਰਬਾਬੂ ਨਾਇਡੂ ਦੇ ਕਾਰਜਕਾਲ ’ਚ ਆਂਧਰਾ ਪ੍ਰਦੇਸ਼ ਸਰਕਾਰ ਨੇ ਇਹ ਸਪਾਈਵੇਅਰ ਖਰੀਦਿਆ ਸੀ। ਹਾਲਾਂਕਿ ਅੱਜ ਤੇਲਗੂ ਦੇਸ਼ਮ ਪਾਰਟੀ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਚੰਦਰਬਾਬੂ ਨਾਇਡੂ ਸਰਕਾਰ ਨੇ ਅਜਿਹੀ ਕੋਈ ਵੀ ਖਰੀਦ ਨਹੀਂ ਕੀਤੀ ਸੀ। ਪਾਰਟੀ ਦੇ ਜਨਰਲ ਸਕੱਤਰ ਨਾਰਾ ਲੋਕੇਸ਼ ਨੇ ਕਿਹਾ ਕਿ ਉਨ੍ਹਾਂ ਕਦੀ ਕੋਈ ਸਪਾਈਵੇਅਰ ਨਹੀਂ ਖਰੀਦਿਆ ਤੇ ਨਾ ਹੀ ਉਹ ਕਿਸੇ ਤਰ੍ਹਾਂ ਦੀ ਗੈਰਕਾਨੂੰਨੀ ਫੋਨ ਟੈਪਿੰਗ ’ਚ ਸ਼ਾਮਲ ਰਹੇ ਹਨ। -ਪੀਟੀਆਈ