ਨਵੀਂ ਦਿੱਲੀ, 15 ਜੁਲਾਈ
ਕੇਂਦਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਖਾਤਿਆਂ ਵਿਚ ਪੈਨਸ਼ਨ ਦੀ ਰਕਮ ਪਾਉਣ ਤੋਂ ਬਾਅਦ ਪੈਨਸ਼ਨ ਸਬੰਧੀ ਪਰਚੀ ਭੇਜਣ ਲਈ ਐੱਸਐੱਮਐੱਸ ਤੇ ਈ-ਮੇਲ ਤੋਂ ਇਲਾਵਾ ਹੁਣ ਵੱਟਸਐਪ ਵਰਗੀਆਂ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਦਾ ਇਸਤੇਮਾਲ ਵੀ ਕਰ ਸਕਣਗੇ। ਇਕ ਅਧਿਕਾਰਤ ਆਦੇਸ਼ ਵਿਚ ਇਹ ਗੱਲ ਕਹੀ ਗਈ ਹੈ। ਆਦੇਸ਼ ਅਨੁਸਾਰ ਇਹ ਫ਼ੈਸਲਾ ਪੈਨਸ਼ਨਰਾਂ ਦੀ ਸੁਵਿਧਾ ਲਈ ਲਿਆ ਗਿਆ ਹੈ।
ਪੈਨਸ਼ਨ ਤੇ ਪੈਨਸ਼ਨਰ ਭਲਾਈ ਵਿਭਾਗ ਵੱਲੋਂ ਜਾਰੀ ਹੁਕਮ ਅਨੁਸਾਰ, ‘‘ਪੈਨਸ਼ਨ ਦੀ ਪਰਚੀ ਭੇਜਣ ਲਈ ਬੈਂਕ ਐੱਸਐੱਮਐੱਸ ਤੇ ਈ-ਮੇਲ ਦੇ ਨਾਲ ਵੱਟਸਐਪ ਵਰਗੇ ਸੋਸ਼ਲ ਮੀਡੀਆ ਐਪ ਦਾ ਇਸਤੇਮਾਲ ਵੀ ਕਰ ਸਕਦੇ ਹਨ।’’ ਆਦੇਸ਼ ਵਿਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਕੇਂਦਰੀ ਪੈਨਸ਼ਨ ਵੰਡ ਕੇਂਦਰਾਂ (ਸੀਪੀਪੀਸੀਜ਼) ਨਾਲ ਇਕ ਮੀਟਿੰਗ ਹੋਈ ਸੀ, ਜਿਸ ਵਿਚ ਪੈਨਸ਼ਨਰਾਂ ਦੀ ਮਹੀਨਾਵਾਰ ਪੈਨਸ਼ਨ ਬਾਰੇ ਚਰਚਾ ਹੋਈ।
ਇਸ ਦੌਰਾਨ ਬੈਂਕ ਪੈਨਸ਼ਨਰਾਂ ਦੀ ਭਲਾਈ ਲਈ ਇਹ ਕਦਮ ਉਠਾਉਣ ਲਈ ਤਿਆਰ ਹੋ ਗਏ। ਉਨ੍ਹਾਂ ਮੰਨਿਆ ਕਿ ਪੈਨਸ਼ਨਰਾਂ ਨੂੰ ਆਮਦਨ ਕਰ, ਮਹਿੰਗਾਈ ਭੱਤਾ ਭੁਗਤਾਨ ਅਤੇ ਡੀਆਰ ਬਕਾਇਆਂ ਦੇ ਸਬੰਧ ਵਿਚ ਇਹ ਜਾਣਕਾਰੀ ਲੋੜੀਂਦੀ ਹੁੰਦੀ ਹੈ। ਬੈਂਕਾਂ ਨੇ ਇਸ ਵਿਚਾਰ ਦਾ ਸਵਾਗਤ ਕੀਤਾ ਅਤੇ ਸੂਚਨਾ ਮੁਹੱਈਆ ਕਰਵਾਉਣ ਲਈ ਹਾਮੀ ਭਰ ਦਿੱਤੀ। ਇਸ ਹੁਕਮ ਅਨੁਸਾਰ ਪੈਨਸ਼ਨ ਵੰਡਣ ਵਾਲੇ ਸਾਰੇ ਬੈਂਕ ਖਾਤਿਆਂ ਵਿਚ ਪੈਨਸ਼ਨ ਰਾਸ਼ੀ ਪਾਉਣ ਤੋਂ ਬਾਅਦ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਫੋਨ ਨੰਬਰਾਂ ’ਤੇ ਐੱਸਐੱਸਐੱਸ ਅਤੇ ਈ-ਮੇਲ (ਜਿੱਥੇ ਕਿਤੇ ਉਪਲਬਧ ਹੈ) ਰਾਹੀਂ ਵੀ ਪੈਨਸ਼ਨੀ ਦੀ ਪਰਚੀ ਭੇਜਣਗੇ।
ਆਦੇਸ਼ ਵਿਚ ਕਿਹਾ ਗਿਆ ਹੈ ਕਿ ਪੈਨਸ਼ਨ ਪਰਚੀ ਵਿਚ ਮਹੀਨਾਵਾਰ ਪੈਨਸ਼ਨ ਤੇ ਟੈਕਸ ਕੱਟੇ ਜਾਣ ਸਮੇਤ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ। -ਪੀਟੀਆਈ