ਕਟੜਾ, 1 ਜਨਵਰੀ
ਵੈਸ਼ਨੋ ਦੇਵੀ ਮੰਦਰ ’ਚ ਨਵੇਂ ਵਰ੍ਹੇ ’ਤੇ ਸ਼ਰਧਾਲੂਆਂ ਵਿਚਕਾਰ ਮਚੀ ਭਗਦੜ ’ਚ ਬਚੇ ਲੋਕਾਂ ਨੇ ਹਾਦਸੇ ਲਈ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਂਜ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸੰਭਾਵੀ ਭੀੜ ਨੂੰ ਦੇਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ‘ਮੰਦਭਾਗੀ’ ਘਟਨਾ ਮਾਮੂਲੀ ਝੜਪ ਕਾਰਨ ਵਾਪਰਨ ਦਾ ਦਾਅਵਾ ਕੀਤਾ ਹੈ। ਲਾਸ਼ ਦੀ ਪਛਾਣ ਲਈ ਉਡੀਕ ਕਰ ਰਹੇ ਗਾਜ਼ੀਆਬਾਦ ਤੋਂ ਆਏ ਇਕ ਸ਼ਰਧਾਲੂ ਨੇ ਕਿਹਾ,‘‘ਇਸ ਦੁਖਦਾਈ ਹਾਦਸੇ ਲਈ ਮਾੜੇ ਪ੍ਰਬੰਧਾਂ ਤੋਂ ਇਲਾਵਾ ਹੋਰ ਕੋਈ ਕਾਰਨ ਜ਼ਿੰਮੇਵਾਰ ਨਹੀਂ ਹੈ। ਅਧਿਕਾਰੀ ਜਾਣਦੇ ਸਨ ਕਿ ਭੀੜ ਜ਼ਿਆਦਾ ਹੋ ਸਕਦੀ ਹੈ ਪਰ ਉਨ੍ਹਾਂ ਬਿਨਾਂ ਕਿਸੇ ਰੋਕ-ਟੋਕ ਦੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ।’’ ਇਕ ਹੋਰ ਵਿਅਕਤੀ ਨੇ ਆਪਣਾ ਨਾਮ ਦੱਸੇ ਬਿਨਾਂ ਕਿਹਾ ਕਿ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਵੀ ਅਜਿਹੇ ਹਾਲਾਤ ਬਣੇ ਸਨ ਪਰ ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਜ਼ਖ਼ਮੀ ਨਹੀਂ ਹੋਇਆ। ‘ਸਾਡਾ 10 ਸ਼ਰਧਾਲੂਆਂ ਦਾ ਗਰੁੱਪ ਸੀ। ਭਾਰੀ ਭੀੜ ਕਾਰਨ ਭਗਦੜ ਮਚੀ ਕਿਉਂਕਿ ਲੋਕ ਅੰਦਰ ਤੇ ਬਾਹਰ ਜਾ ਰਹੇ ਸਨ ਅਤੇ ਹਰ ਕੋਈ ਜਲਦੀ ’ਚ ਸੀ।’ ਉਸ ਨੇ ਕਿਹਾ ਕਿ ਕਈ ਲੋਕ ਦਰਸ਼ਨਾਂ ਮਗਰੋਂ ਬਾਹਰ ਮੁੜਨ ਦੀ ਬਜਾਏ ਫਰਸ਼ ’ਤੇ ਹੀ ਆਰਾਮ ਕਰ ਰਹੇ ਸਨ ਜਿਸ ਕਾਰਨ ਭਵਨ ’ਚ ਜ਼ਿਆਦਾ ਭੀੜ ਸੀ। ਆਪਣੇ ਦੋਸਤ ਅਰੁਣ ਪ੍ਰਤਾਪ ਸਿੰਘ ਨੂੰ ਗੁਆਉਣ ਵਾਲੇ ਇਕ ਹੋਰ ਵਿਅਕਤੀ ਨੇ ਕਿਹਾ ਕਿ 10 ਸਾਲ ਪਹਿਲਾਂ ਜਦੋਂ ਉਹ ਮੰਦਰ ’ਚ ਦਰਸ਼ਨਾਂ ਲਈ ਆਇਆ ਸੀ ਤਾਂ ਇੰਨੀ ਭੀੜ ਨਹੀਂ ਸੀ ਪਰ ਇਸ ਵਾਰ ਤਾਂ ਹੱਦੋਂ ਵਧ ਸ਼ਰਧਾਲੂ ਜੁੜੇ ਹੋਏ ਸਨ। ‘ਹਾਦਸੇ ਮਗਰੋਂ ਸਾਨੂੰ ਸਵੇਰੇ 6 ਵਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ ਸੀ।’ ਮੁਜ਼ੱਫਰਪੁਰ (ਬਿਹਾਰ) ਦੀ ਰਾਣੀ ਦੇਵੀ ਨੇ ਕਿਹਾ ਕਿ ਸ਼ਰਧਾਲੂਆਂ ਦੀ ਬੇਕਾਬੂ ਭੀੜ ਕਾਰਨ ਹਾਦਸਾ ਵਾਪਰਿਆ। ਪਠਾਨਕੋਟ ਦੀ ਰੇਖਾ ਨੇ ਹਾਦਸੇ ਮਗਰੋਂ ਦਰਸ਼ਨਾਂ ਤੋਂ ਬਿਨਾਂ ਹੀ ਵਾਪਸ ਜਾਣ ਦਾ ਫ਼ੈਸਲਾ ਲਿਆ। ਉਸ ਨਾਲ ਤਿੰਨ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਮੈਂਬਰ ਸਨ। ਕਰਨਾਲ ਦੇ ਨਵਦੀਪ ਨੇ ਕਿਹਾ ਕਿ ਉਹ ਪੰਜ ਘੰਟਿਆਂ ਤੋਂ ਉਡੀਕ ਕਰ ਰਹੇ ਸਨ ਪਰ ਲੋਕ ਬਿਲਕੁਲ ਵੀ ਅੱਗੇ ਨਹੀਂ ਵਧ ਰਹੇ ਸਨ। ਸ਼੍ਰਾਈਨ ਬੋਰਡ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦਿਆਂ ਸੁਰੱਖਿਆ ਸਮੇਤ ਹੋਰ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਦੇਵੇਂਦਰ ਸਿੰਘ ਰਾਣਾ ਨੇ ਕਿਹਾ ਕਿ ਮੰਦਰ ’ਚ ਅਜਿਹਾ ਹਾਦਸਾ ਪਹਿਲੀ ਵਾਰ ਵਾਪਰਿਆ ਹੈ ਅਤੇ ਕਿਸੇ ਨੂੰ ਵੀ ਇਸ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ। -ਪੀਟੀਆਈ