ਨਵੀਂ ਦਿੱਲੀ, 4 ਜੂਨ
ਕਾਲੀ ਫੰਗਸ ਦੇ ਵੱਧ ਰਹੇ ਕੇਸਾਂ ਦਰਮਿਆਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਇਲਾਜ ਕਰਾਉਣ ਵਾਲੇ ਲੋਕਾਂ ਨੂੰ ਮੁਫ਼ਤ ’ਚ ਟੀਕੇ ਮਿਲਣ। ਉਨ੍ਹਾਂ ਹਰੇਕ ਸੂਬੇ ’ਚ ਇਸ ਬਿਮਾਰੀ ਤੋਂ ਪੀੜਤ ਕੁੱਲ ਵਿਅਕਤੀਆਂ ਦੀ ਗਿਣਤੀ ਵੀ ਜਨਤਕ ਕਰਨ ਦੀ ਮੰਗ ਕੀਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ’ਚ ਕਾਲੀ ਫੰਗਸ ਦੇ ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਇੰਜੈਕਸ਼ਨਾਂ ਦੀ ਘਾਟ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਇਸ ਰੋਗ ਨਾਲ ਨਜਿੱਠਣ ’ਚ ਗੰਭੀਰਤਾ ’ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਲੋਕਾਂ ਦੀ ਤਕਲੀਫ਼ ਨੂੰ ਘਟਾਉਣ ਲਈ ਅਜੇ ਤੱਕ ਢੁੱਕਵੇਂ ਕਦਮ ਕਿਉਂ ਨਹੀਂ ਉਠਾਏ ਗਏ ਹਨ। ਪ੍ਰਧਾਨ ਮੰਤਰੀ ਨੂੰ ਕੀਤੀ ਗਈ ਅਪੀਲ ’ਚ ਉਨ੍ਹਾਂ ਕਾਲੀ ਫੰਗਸ ਦੇ ਇਲਾਜ ’ਚ ਵਰਤੇ ਜਾਣ ਵਾਲੇ ਟੀਕਿਆਂ ਦੇ ਮਹਿੰਗੇ ਹੋਣ ਦਾ ਮੁੱਦਾ ਵੀ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਕਾਲੀ ਫੰਗਸ ਦਾ ਇਲਾਜ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਤਹਿਤ ਕਵਰ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਇਲਾਜ ’ਤੇ ਲੱਖਾਂ ਰੁਪਏ ਖ਼ਰਚਣੇ ਪੈ ਰਹੇ ਹਨ। ਪ੍ਰਿਯੰਕਾ ਨੇ ਇੰਦੌਰ ਦੇ ਬੱਚੇ ਵੱਲੋਂ ਪਿਤਾ ਲਈ ਇੰਜੈਕਸ਼ਨਾਂ ਦੀ ਮੰਗ ਵਾਲੇ ਵੀਡੀਓ ਅਤੇ ਜਵਾਨਾਂ ਨੂੰ ਦਿੱਲੀ ਦੇ ਦੋ ਆਰਮੀ ਹਸਪਤਾਲਾਂ ’ਚ ਟੀਕੇ ਨਾ ਮਿਲਣ ਦੀਆਂ ਰਿਪੋਰਟਾਂ ਦਾ ਹਵਾਲਾ ਵੀ ਦਿੱਤਾ ਹੈ। -ਪੀਟੀਆਈ