ਕੋਚੀ, 14 ਜੂਨ
ਲਕਸ਼ਦੀਪ ਦੇ ਪ੍ਰਸ਼ਾਸਕ ਪ੍ਰਫੁੱਲ ਖੋਡਾ ਪਟੇਲ ‘ਬਲੈਕ ਡੇਅ’ ਰੋਸ ਮੁਜ਼ਾਹਰੇ ਵਾਲੇ ਦਿਨ ਟਾਪੂ ਉਤੇ ਪਰਤੇ ਹਨ। ਰੋਸ ਪ੍ਰਦਰਸ਼ਨਾਂ ਰਾਹੀਂ ਸਿਆਸੀ ਧਿਰਾਂ ਤੇ ਸੰਗਠਨ ਪ੍ਰਸ਼ਾਸਕ ਵੱਲੋਂ ਟਾਪੂ ਬਾਰੇ ਉਠਾਏ ਜਾ ਰਹੇ ਕਦਮਾਂ ਦਾ ਵਿਰੋਧ ਕਰ ਰਹੇ ਹਨ। ਸੂਤਰਾਂ ਮੁਤਾਬਕ ਪਟੇਲ ਜੋ ਕਿ ਦਾਦਰਾ-ਨਗਰ ਹਵੇਲੀ ਤੇ ਦਮਨ-ਦੀਊ ਦੇ ਪ੍ਰਸ਼ਾਸਕ ਵੀ ਹਨ, ਦੁਪਹਿਰੇ ਅਗੱਤੀ ਪਹੁੰਚੇ ਸਨ। ਉਨ੍ਹਾਂ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਕਈ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਪ੍ਰਸ਼ਾਸਕ ਨੇ ਕੋਚੀ ਹੁੰਦਿਆਂ ਲਕਸ਼ਦੀਪ ਜਾਣਾ ਸੀ ਪਰ ਦੋ ਕਾਂਗਰਸ ਸੰਸਦ ਮੈਂਬਰ ਰੋਸ ਪ੍ਰਗਟਾਉਣ ਲਈ ਕੋਚੀ ਹਵਾਈ ਅੱਡੇ ਉਤੇ ਪਹੁੰਚ ਗਏ। ਸੂਚਨਾ ਮਿਲਣ ਉਤੇ ਪਟੇਲ ਗੋਆ ਰਾਸਤੇ ਟਾਪੂ ’ਤੇ ਪਹੁੰਚੇ। ਇਸੇ ਦੌਰਾਨ ‘ਸੇਵ ਲਕਸ਼ਦੀਪ ਫੋਰਮ’ ਜਿਸ ਵਿਚ ਕਈ ਸਿਆਸੀ ਪਾਰਟੀਆਂ ਤੇ ਸੰਗਠਨ ਸ਼ਾਮਲ ਹਨ, ਦੇ ਕਾਰਕੁਨਾਂ ਨੇ ਅੱਜ ਕਾਲੇ ਮਾਸਕ ਪਾ ਕੇ ਅਤੇ ਘਰਾਂ ਉਤੇ ਕਾਲੇ ਝੰਡੇ ਲਾ ਕੇ ਪਟੇਲ ਵੱਲੋਂ ਚੁੱਕੇ ਜਾ ਰਹੇ ਕਦਮਾਂ ਵਿਰੁੱਧ ਰੋਸ ਪ੍ਰਗਟ ਕੀਤਾ। ਇਕ ਫੇਸਬੁੱਕ ਪੋਸਟ ਵਿਚ ਲਕਸ਼ਦੀਪ ਦੇ ਸੰਸਦ ਮੈਂਬਰ ਪੀਪੀ ਮੁਹੰਮਦ ਫ਼ੈਜ਼ਲ ਨੇ ਕਿਹਾ ਕਿ ‘ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਸਾਡੇ ਸੰਵਿਧਾਨ ਵਿਚ ਸਭ ਤੋਂ ਉੱਚੀ ਥਾਂ ਰੱਖਿਆ ਗਿਆ ਹੈ ਤੇ ਇਨ੍ਹਾਂ ਉਤੇ ਕਿਸੇ ਵੀ ਤਰ੍ਹਾਂ ਦੇ ਹੱਲੇ ਖ਼ਿਲਾਫ਼ ਲੜਿਆ ਜਾਵੇਗਾ।’ ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਵੱਲੋਂ ਲਏ ਜਾ ਰਹੇ ਫ਼ੈਸਲੇ ਟਾਪੂ ਦੇ ਵਿਲੱਖਣ ਸਭਿਆਚਾਰ ਦੇ ਰਵਾਇਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ।’ ਇਸ ਮੌਕੇ ‘ਪ੍ਰਫੁੱਲ ਖੋਡਾ ਪਟੇਲ ਗੋ ਬੈਕ’ ਦੇ ਨਾਅਰੇ ਲਾਏ ਗਏ। ਫ਼ੈਜ਼ਲ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਅੱਖਾਂ ਖੋਲ੍ਹੇਗੀ ਤੇ ਸੁਧਾਰਾਂ ਦੇ ਨਾਂ ਉਤੇ ਜਿਹੜੇ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਨੂੰ ਵਾਪਸ ਲਏਗੀ। -ਪੀਟੀਆਈ