ਨਵੀਂ ਦਿੱਲੀ, 18 ਮਈ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਵਧਦੀ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਜਪਾ ਸਰਕਾਰ ਦੀ ਇਕ ਵੀ ਨੀਤੀ ਮੱਧ ਵਰਗ ਤੇ ਗਰੀਬਾਂ ਦੀ ਆਮਦਨ ਵਧਾਉਣ ਵੱਲ ਸੇਧਿਤ ਨਹੀਂ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆ ਕੀਮਤਾਂ ਬਾਰੇ ਮੀਡੀਆ ਰਿਪੋਰਟ ਟਵਿੱਟਰ ’ਤੇ ਟੈਗ ਕਰਦਿਆਂ ਕਿਹਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪ੍ਰਿਯੰਕਾ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਭਾਜਪਾ ਸਰਕਾਰ ਦੀ ਇਕ ਵੀ ਆਰਥਿਕ ਨੀਤੀ ਅਜਿਹੀ ਨਹੀਂ ਹੈ, ਜੋ ਮੱਧਵਰਗ ਤੇ ਗਰੀਬ ਤਬਕਿਆਂ ਦੀ ਆਮਦਨ ਵਧਾ ਅਤੇ ਉਨ੍ਹਾਂ ਦੇ ਖਰਚੇ ਘਟਾ ਸਕੇ।’’ ਪ੍ਰਿਯੰਕਾ ਨੇ ਕਿਹਾ ਕਿ ਮੱਧ ਵਰਗ ਦੇ ਲੋਕ ਤੇ ਗਰੀਬ ਡਰੇ ਹੋਏ ਹਨ ਕਿ ਕਿਤੇ ਉਨ੍ਹਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਖਰਚਿਆਂ ਲਈ ਕਰਜ਼ਾ ਨਾ ਲੈਣਾ ਪੈ ਜਾਵੇ। ਉਧਰ ਕਾਂਗਰਸ ਆਗੂ ਸਚਿਨ ਪਾਇਲਟ ਨੇ ਆਸਮਾਨੀ ਪੁੱਜੀ ਮਹਿੰਗਾਈ ਲਈ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਲੋਕਾਂ ਦੀ ਆਮਦਨ ‘ਲੁੱਟ’ ਰਹੀ ਹੈ। ਪਾਇਲਟ ਨੇ ਟਵੀਟ ਕੀਤਾ, ‘‘ਕੇਂਦਰ ਸਰਕਾਰ ਦੇ ਸੇਧ ਰਹਿਤ ਤੇ ਨਾਕਾਮ ਸ਼ਾਸਨ ਕਰਕੇ ਮਹਿੰਗਾਈ ਤੇ ਬੇਰੁਜ਼ਗਾਰੀ ਦਿਨੋ-ਦਿਨ ਨਵੇਂ ਰਿਕਾਰਡ ਬਣਾ ਰਹੀਆਂ ਹਨ। ਥੋਕ ਮਹਿੰਗਾਈ ਅਪਰੈਲ ਮਹੀਨੇ 15.08 ਫੀਸਦ ਦੇ ਅੰਕੜੇ ਨਾਲ ਪਿਛਲੇ 24 ਸਾਲਾਂ ’ਚ ਸਿਖਰਲੇ ਪੱਧਰ ’ਤੇ ਪੁੱਜ ਗਈ ਹੈ।’’ ਰਾਜਸਥਾਨ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ, ‘‘ਲੋਕਾਂ ਦੀ ਕਮਾਈ ਤੇ ਬੱਚਤ ਲੁੱਟਣ ਵਾਲੀ ਭਾਜਪਾ ਹਰੇਕ ਨਾਗਰਿਕ ਦੀ ਅਪਰਾਧੀ ਬਣ ਗਈ ਹੈ।’’ -ਪੀਟੀਆਈ
ਭਾਰਤ ਦੇ ਹਾਲਾਤ ਸ੍ਰੀਲੰਕਾ ਵਰਗੇ ਬਣਨ ਲੱਗੇ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਭਾਰਤ ਕਾਫ਼ੀ ਹੱਦ ਤੱਕ ‘ਸ੍ਰੀਲੰਕਾ ਵਰਗਾ ਲੱਗ ਰਿਹਾ ਹੈ’ ਤੇ ਸਰਕਾਰ ਨੂੰ ਲੋਕਾਂ ਦਾ ਧਿਆਨ ਨਹੀਂ ਭਟਕਾਉਣਾ ਚਾਹੀਦਾ। ਰਾਹੁਲ ਨੇ ਟਵੀਟ ਕੀਤਾ ਕਿ ਲੋਕਾਂ ਦਾ ਧਿਆਨ ਭਟਕਾਉਣ ਨਾਲ ‘ਸਚਾਈ ਬਦਲ ਨਹੀਂ ਜਾਵੇਗੀ। ਭਾਰਤ ਦਾ ਹਾਲ ਕਾਫ਼ੀ ਹੱਦ ਤੱਕ ਸ੍ਰੀਲੰਕਾ ਵਰਗਾ ਹੁੰਦਾ ਜਾ ਰਿਹਾ ਹੈ।’ ਕਾਂਗਰਸ ਆਗੂ ਨੇ ਟਵੀਟ ਕਰਦਿਆਂ ਬੇਰੁਜ਼ਗਾਰੀ, ਤੇਲ ਕੀਮਤਾਂ ਤੇ ਫ਼ਿਰਕੂ ਹਿੰਸਾ ਨਾਲ ਜੁੜੇ ਗ੍ਰਾਫ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਕਾਂਗਰਸ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ਉਤੇ ਸਰਕਾਰ ਦੀ ਲਗਾਤਾਰ ਆਲੋਚਨਾ ਕਰ ਰਹੀ ਹੈ। -ਪੀਟੀਆਈ
ਕਮਲਨਾਥ ਵੱਲੋਂ ਸੋਨੀਆ ਗਾਂਧੀ ਨਾਲ ਪਾਰਟੀ ਮਾਮਲਿਆਂ ’ਤੇ ਚਰਚਾ
ਨਵੀਂ ਦਿੱਲੀ: ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਇੱਥੇ 10 ਜਨਪਥ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਹੈ। ਉਨ੍ਹਾਂ ਵੱਲੋਂ ਇਹ ਮੁਲਾਕਾਤ ਮੱਧ ਪ੍ਰਦੇਸ਼ ਵਿੱਚ ਨਗਰ ਨਿਗਮ ਚੋਣਾਂ ਵਿੱਚ ਓਬੀਸੀ ਰਾਖਵਾਂਕਰਨ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੌਰਾਨ ਕੀਤੀ ਗਈ ਹੈ। ਸੂਤਰਾਂ ਮੁਤਾਬਕ ਦੋਵਾਂ ਨੇਤਾਵਾਂ ਨੇ ਮੁਲਾਕਾਤ ਦੌਰਾਨ ਪਾਰਟੀ ਨਾਲ ਸਬੰਧਤ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਓਬੀਸੀ ਰਾਖਵਾਂਕਰਨ, ਪਾਰਟੀ ਚੋਣਾਂ ਆਦਿ ਸ਼ਾਮਲ ਹਨ। ਚਿੰਤਨ ਸ਼ਿਵਿਰ ਤੋਂ ਬਾਅਦ ਕਮਲਨਾਥ ਦੀ ਸੋਨੀਆ ਗਾਂਧੀ ਨਾਲ ਇਹ ਪਹਿਲੀ ਮੀਟਿੰਗ ਹੈ। ਦੱਸਣਯੋਗ ਹੈ ਕਿ ਕਾਂਗਰਸ ਵੱਲੋਂ 2023 ਵਿੱਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵਾਸਤੇ ਪਾਰਟੀ ਓਬੀਸੀ ਭਾਈਚਾਰੇ ਦੀ ਭਲਾਈ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਵੱਲੋਂ ਐਲਾਨ ਕੀਤਾ ਗਿਆ ਹੈ ਪਾਰਟੀ ਵੱਲੋਂ ਸਰਵੇਖਣ ਆਧਾਰ ’ਤੇ ਓਬੀਸੀ ਉਮੀਦਵਾਰਾਂ ਨੂੰ ਟਿਕਟਾਂ ਮਿਲਣਗੀਆਂ। -ਆਈਏਐੱਨਐੱਸ