ਲੇਹ, 20 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੇ ਲੋਕ ਚੀਨ ਵੱਲੋਂ ਉਨ੍ਹਾਂ ਦੀਆਂ ‘ਚਰਾਗਾਹਾਂ’ ਉੱਤੇ ਕਬਜ਼ਾ ਕੀਤੇ ਜਾਣ ਤੋਂ ਫ਼ਿਕਰਮੰਦ ਹਨ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦਾਅਵਾ ਕਿ ਚੀਨ ਨੇ ਲੱਦਾਖ ਵਿੱਚ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ, ਸਰਾਸਰ ਝੂਠ ਹੈ। ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਲੱਦਾਖ ਦੇ ਸਾਰੇ ਲੋਕ ਇਹ ਗੱਲ ਕਹਿੰਦੇ ਹਨ ਕਿ ਚੀਨੀ ਫੌਜ ਨੇ ਘੁਸਪੈਠ ਕਰਦਿਆਂ ਸਾਡੀਆਂ ਚਰਾਗਾਹਾਂ ਵਾਲੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਲਏ ਹਨ ਤੇ ਇਹ ਲੋਕ ਹੁਣ ਉਥੇ ਨਹੀਂ ਜਾ ਸਕਦੇ। ਉਹ ਇਹ ਗੱਲ ਸਪਸ਼ਟ ਆਖ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਲੱਦਾਖ ਆਉਣ ਦੀ ਯੋਜਨਾ ਸੀ, ਪਰ ਕੁਝ ‘ਲੌਜਿਸਟਿਕਲ ਕਾਰਨਾਂ’ ਕਰਕੇ ਉਨ੍ਹਾਂ ਨੂੰ ਆਪਣੀ ਇਹ ਯੋਜਨਾ ਵਿਚਾਲੇ ਛੱਡਣੀ ਪਈ। ਰਾਹੁਲ, ਜੋ ਲੰਘੇ ਦਿਨ ਆਪਣੇ ਸਾਥੀਆਂ ਨਾਲ ਮੋਟਰਸਾਈਕਲਾਂ ’ਤੇ ਲੇਹ ਤੋਂ ਪੈਂਗੌਂਗ ਪੁੱਜੇ ਸਨ, ਨੇ ਅੱਜ ਪੈਂਗੌਂਗ ਝੀਲ ਕੰਢੇ ਆਪਣੇ ਪਿਤਾ ਦੀ 79ਵੀਂ ਜਨਮ ਵਰ੍ਹੇਗੰਢ ਮਨਾਈ। ਇਸ ਮੌਕੇ ਜੰਮੂ ਕਸ਼ਮੀਰ ਤੇ ਲੱਦਾਖ ਲਈ ਏਆਈਸੀਸੀ ਇੰਚਾਰਜ ਰਜਨੀ ਪਟੇਲ, ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਤੇ ਸਾਬਕਾ ਮੰਤਰੀ ਨਵਾਂਗ ਰਿਜਜ਼ਿਨ ਜੋਰਾ ਵੀ ਮੌਜੂਦ ਸਨ। ਰਾਹੁਲ ਗਾਂਧੀ ਮਗਰੋਂ ਨੁੁਬਰਾ ਵਾਦੀ ਲਈ ਨਿਕਲ ਗਏ, ਜਿੱਥੇ ਉਹ ਰਾਤ ਰਹਿਣਗੇ। ਗਾਂਧੀ ਸੋਮਵਾਰ ਜਾਂ ਮੰਗਲਵਾਰ ਨੂੰ ਕਾਰਗਿਲ ਵੀ ਜਾਣਗੇ। -ਪੀਟੀਆਈ