ਗੁਹਾਟੀ/ਸਿਲਚਰ/ਕੋਲਕਾਤਾ, 23 ਜੁਲਾਈ
ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਸਾਬਕਾ ਅਤਿਵਾਦੀ ਗਰੁੱਪ ਵੱਲੋਂ ਧਮਕੀ ਦਿੱਤੇ ਜਾਣ ਮਗਰੋਂ ਮੈਤੇਈ ਭਾਈਚਾਰੇ ਨਾਲ ਸਬੰਧਤ 41 ਲੋਕ ਮਿਜ਼ੋਰਮ ਛੱਡ ਕੇ ਅਸਾਮ ਪਹੁੰਚ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਪੀਸ ਅਕੌਰਡ ਐਮਐਨਐਫ ਰਿਟਰਨੀਜ਼ (ਪਾਮਰਾ) ਵੱਲੋਂ ਮਿਜ਼ੋਰਮ ’ਚ ਹਾਲਾਤ ਵਿਗੜਨ ਸਬੰਧੀ ਬਿਆਨ ਜਾਰੀ ਕੀਤਾ ਗਿਆ ਸੀ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਅੱਜ ਤਿੰਨ ਉਡਾਣਾਂ ਰਾਹੀਂ 78 ਜਣੇ ਮਨੀਪੁਰ ਰਵਾਨਾ ਹੋਏ ਜਦਕਿ ਬੀਤੇ ਦਿਨ 65 ਲੋਕ ਗੁਆਂਢੀ ਸੂਬੇ ਵੱਲ ਚਲੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ’ਚੋਂ ਕਿੰਨੇ ਲੋਕ ਆਮ ਮੁਸਾਫਰ ਹਨ ਤੇ ਕਿੰਨੇ ਲੋਕਾਂ ਨੇ ਡਰ ਕੇ ਉਡਾਣ ਫੜੀ ਹੈ। ਉੱਧਰ ਹਾਲਾਤ ਨੂੰ ਦੇਖਦਿਆਂ 31 ਮਿਜ਼ੋ ਵਿਦਿਆਰਥੀ ਮਨੀਪੁਰ ਤੋਂ ਮਿਜ਼ੋਰਮ ਮੁੜ ਆਏ ਹਨ।
ਕਾਚਰ ਦੇ ਐੱਸਪੀ ਨੁਮਲ ਮਾਹੱਟਾ ਨੇ ਦੱਸਿਆ ਕਿ ਇਹ ਵਿਅਕਤੀ ਲੰਘੀ ਰਾਤ ਗੁਆਂਢੀ ਸੂਬੇ ਮਿਜ਼ੋਰਮ ਤੋਂ ਸਿਲਚਰ ਪਹੁੰਚੇ ਹਨ ਤੇ ਇਨ੍ਹਾਂ ਨੂੰ ਬਿੰਨਾਕੰਡੀ ਇਲਾਕੇ ’ਚ ਲਖੀਪੁਰ ਵਿਕਾਸ ਬਲਾਕ ਦੀ ਇਮਾਰਤ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ, ‘ਇਹ ਸਾਰੇ ਲੋਕ ਰੱਜੇ-ਪੁੱਜੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ’ਚੋਂ ਕੁਝ ਕਾਲਜ ਪ੍ਰੋਫੈਸਰ ਹਨ ਜਦਕਿ ਕੁਝ ਸੀਨੀਅਰ ਸਰਕਾਰੀ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਮਿਜ਼ੋਰਮ ’ਚ ਅਜੇ ਤੱਕ ਉਨ੍ਹਾਂ ’ਤੇ ਕੋਈ ਹਮਲਾ ਨਹੀਂ ਹੋਇਆ ਹੈ।’ ਉਨ੍ਹਾਂ ਕਿਹਾ ਕਿ ਮਿਜ਼ੋਰਮ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰ ਰਹੀ ਹੈ ਪਰ ਉਹ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਤੇ ਆਪਣੀ ਸੁਰੱਖਿਆ ਲਈ ਅਸਾਮ ਆਏ ਹਨ। ਐੱਸਪੀ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਇੱਥੇ ਹੀ ਰਹਿਣਗੇ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ। ਅਸਾਮ ਪੁਲੀਸ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਿਜ਼ੋਰਮ ਪੁਲੀਸ ਨੇ ਦੱਸਿਆ ਕਿ ਜਥੇਬੰਦੀ ਪਾਮਰਾ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਮੈਤੇਈ ਲੋਕ ਸ਼ਨਿਚਰਵਾਰ ਦੀ ਰਾਤ ਨੂੰ ਹੀ ਆਪਣੇ ਜੱਦੀ ਸੂਬਿਆਂ ਵੱਲ ਰਵਾਨਾ ਹੋ ਗਏ ਸਨ।
ਉੱਧਰ ਬੀਤੇ ਦਿਨ ਮਿਜ਼ੋਰਮ ਸਰਕਾਰ ਨੇ ਸਾਬਕਾ ਅਤਿਵਾਦੀ ਜਥੇਬੰਦੀ ਪਾਮਰਾ ਵੱਲੋਂ ਧਮਕੀ ਦਿੱਤੇ ਜਾਣ ਮਗਰੋਂ ਮੈਤੇਈ ਭਾਈਚਾਰੇ ਨੂੰ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕ ਮਿਜ਼ੋਰਮ ਛੱਡ ਕੇ ਜਾ ਰਹੇ ਹਨ। ਮਿਜ਼ੋਰਮ ਦੇ ਗ੍ਰਹਿ ਕਮਿਸ਼ਨਰ ਤੇ ਸਕੱਤਰ ਐੱਚ ਲਾਲੇਂਗਮਾਵੀਆ ਨੇ ਇਸ ਸਬੰਧੀ ਮੈਤੇਈ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਆਲ ਮਿਜ਼ੋਰਮ ਮਨੀਪੁਰੀ ਐਸੋਸੀਏਸ਼ਨ (ਏਐਮਐੱਏ) ਦੇ ਆਗੂਆਂ ਨੂੰ ਕਿਹਾ ਕਿ ਉਹ ਪੀਸ ਐਕੌਰਡ ਐਮਐਨਐਫ ਰਿਟਰਨੀਜ਼ (ਪਾਮਰਾ) ਵੱਲੋਂ ਦਿੱਤੀ ਗਈ ਧਮਕੀ ਕਾਰਨ ਮਿਜ਼ੋਰਮ ਛੱਡ ਕੇ ਨਾ ਜਾਣ। ਉਨ੍ਹਾਂ ਕਿਹਾ ਕਿ ਪਾਮਰਾ ਵੱਲੋਂ ਜਾਰੀ ਬਿਆਨ ਨੂੰ ਮੀਡੀਆ ਦੇ ਇੱਕ ਹਿੱਸੇ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਮਰਾ ਦੇ ਜਨਰਲ ਸਕੱਤਰ ਸੀ ਲਾਲਥੇਨਲੋਵਾ ਨੇ ਲੰਘੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮਿਜ਼ੋਰਮ ’ਚ ਮੈਤੇਈ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਕਿਉਂਕਿ ਦੋ ਮਹਿਲਾਵਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਬਹੁਤ ਸਾਰੇ ਮਿਜ਼ੋ ਨੌਜਵਾਨ ਗੁੱਸੇ ’ਚ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਇਹਤਿਆਤ ਵਜੋਂ ਲੋਕਾਂ ਨੂੰ ਅਪੀਲ ਕਰ ਰਹੇ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਜ਼ਿਕਰਯੋਗ ਹੈ ਕਿ ਮਨੀਪੁਰ ’ਚ 3 ਮਈ ਨੂੰ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮੈਤੇਈ, ਕੁਕੀ ਤੇ ਹਮਾਰ ਭਾਈਚਾਰੇ ਨਾਲ ਸਬੰਧਤ ਹਜ਼ਾਰਾਂ ਲੋਕ ਮਨੀਪੁਰ ਛੱਡ ਕੇ ਅਸਾਮ ਵਿੱਚ ਰਹਿ ਰਹੇ ਹਨ। ਇਸੇ ਦੌਰਾਨ ਤ੍ਰਿਣਾਮੂਲ ਕਾਂਗਰਸ ਨੇ ਅੱਜ ਦੋਸ਼ ਲਾਇਆ 15 ਮਈ ਨੂੰ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ’ਚ 18 ਸਾਲਾ ਲੜਕੀ ’ਤੇ ਹਮਲਾ ਕੀਤਾ ਗਿਆ ਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਟੀਐੱਮਸੀ ਨੇ ਟਵੀਟ ਕੀਤਾ, ‘ਮਹਿਲਾਵਾਂ ਦੇ ਇੱਕ ਗਰੁੱਪ ਨੇ 18 ਸਾਲਾ ਇੱਕ ਲੜਕੀ ਨੂੰ ਚਾਰ ਹਥਿਆਰਬੰਦ ਲੋਕਾਂ ਹਵਾਲੇ ਕਰ ਦਿੱਤਾ। ਬਾਅਦ ਵਿੱਚ 15 ਮਈ ਨੂੰ ਮਨੀਪੁਰ ਦੇ ਇੰਫਾਲ ’ਚ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ।’ -ਪੀਟੀਆਈ
ਅਸਾਮ ਰਾਈਫਲ ਨੇ ਸਿਵਲ ਸੁਸਾਇਟੀ ਗਰੁੱਪ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕਰਵਾਇਆ
ਇੰਫਾਲ: ਅਸਾਮ ਰਾਈਫਲਜ਼ ਨੇ ਮਨੀਪੁਰ ਦੀ ਰਾਜਧਾਨੀ ਇੰਫਾਲ ’ਚ ਸਿਵਲ ਸੁਸਾਇਟੀ ਦੇ ਇੱਕ ਪ੍ਰਭਾਵਸ਼ਾਲੀ ਗਰੁੱਪ ‘ਮਨੀਪੁਰ ਦੀ ਅਖੰਡਤਾ ਬਾਰੇ ਤਾਲਮੇਲ ਕਮੇਟੀ’ (ਸੀਓਸੀਓਐਮਆਈ) ਦੇ ਮੁਖੀ ਖ਼ਿਲਾਫ਼ ਦੇਸ਼ ਧਰੋਹ ਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਅਸਾਮ ਰਾਈਫਲਜ਼ ਦੇ ਸੂਤਰ ਨੇ ਦੱਸਿਆ ਕਿ ਕਮੇਟੀ ਨੇ ਲੋਕਾਂ ਨੂੰ ਹਥਿਆਰ ਨਾ ਸੁੱਟਣ ਦਾ ਸੱਦਾ ਦਿੱਤਾ ਜਿਸ ਮਗਰੋਂ ਉਸ ਖ਼ਿਲਾਫ਼ 10 ਜੁਲਾਈ ਨੂੰ ਐੱਫਆਈਆਰ ਦਰਜ ਕੀਤੀ ਗਈ। ਇੱਕ ਪੁਲੀਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ, ‘ਅਸੀਂ ਚੂਰਾਚਾਂਦਪੁਰ ਥਾਣੇ ’ਚ ਸੀਓਸੀਓਐਮਆਈ ਦੇ ਕਨਵੀਨਰ ਜਿਤੇਂਦਰ ਨਿੰਗੌਂਬਾ ਖ਼ਿਲਾਫ਼ ਆਈਪੀਸੀ ਦੀ ਦੇਸ਼ ਧਰੋਹ ਨਾਲ ਸਬੰਧਤ ਧਾਰਾ 124ਏ ਅਤੇ ਧਰਮ, ਨਸਲ, ਜਨਮ ਸਥਾਨ, ਰਿਹਾਇਸ਼ ਤੇ ਭਾਸ਼ਾ ਆਦਿ ਦੇ ਆਧਾਰ ’ਤੇ ਵੱਖ ਵੱਖ ਸਮੂਹਾਂ ਨੂੰ ਭੜਕਾਉਣ ਨਾਲ ਸਬੰਧਤ ਧਾਰਾ 153ਏ ਤਹਿਤ ਐੱਫਆਈਆਰ ਦਰਜ ਕੀਤੀ ਹੈ।’ ਸੂਤਰਾਂ ਨੇ ਦੋਸ਼ ਲਾਇਆ ਕਿ 30 ਜੂਨ ਨੂੰ ਬਿਸ਼ਨੂਪੁਰ ਦੇ ਮੋਈਰਾਗ ’ਚ ਸੈਨਾ ਨੇ ਕਈ ਮਹਿਲਾ ਮੁਜ਼ਾਹਰਾਕਾਰੀਆਂ ਨਾਲ ਕੁੱਟਮਾਰ ਕੀਤੀ। ਫਿਲਹਾਲ ਸੈਨਾ ਨੇ ਇਹ ਦੋਸ਼ ਖਾਰਜ ਕਰ ਦਿੱਤਾ ਹੈ। ਸੀਓਸੀਓਐੱਆਈ ਨੇ ਚਾਰ ਜੂਨ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਮਨੀਪੁਰ ’ਚ ਅਸਾਮ ਰਾਈਫਲਜ਼ ਨੂੰ ਹਟਾ ਕੇ ਕਿਸੇ ਹੋਰ ਕੇਂਦਰੀ ਦਸਤੇ ਨੂੰ ਤਾਇਨਾਤ ਕੀਤਾ ਜਾਵੇ।
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਮਾਲੀਵਾਲ ਮਨੀਪੁਰ ਪੁੱਜੀ
ਇੰਫਾਲ: ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਅੱਜ ਕਿਹਾ ਕਿ ਉਹ ਲੋਕਾਂ ਦੀ ਸਹਾਇਤਾ ਲਈ ਮਨੀਪੁਰ ਵਿਚ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਅਪੀਲ ਕਰੇਗੀ ਕਿ ਉਹ ਰਾਜ ਦਾ ਦੌਰਾ ਕਰ ਕੇ ਲੋਕਾਂ ਦੇ ਦੁੱਖ-ਦਰਦ ਸੁਣਨ। ਅੱਜ ਦੁਪਹਿਰੇ ਇੱਥੇ ਪੁੱਜੀ ਮਾਲੀਵਾਲ ਨੇ ਕਿਹਾ ਕਿ ਉਹ ਸਿਆਸਤ ਕਰਨ ਨਹੀਂ ਆਈ ਹੈ। ਸਵਾਤੀ ਨੇ ਕਿਹਾ ਕਿ ਮਨੀਪੁਰ ਦੀਆਂ ਔਰਤਾਂ ਨੇ ਉਨ੍ਹਾਂ ਨਾਲ ਰਾਬਤਾ ਕੀਤਾ ਸੀ। ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਰਾਜ ਸਰਕਾਰ ਨੇ ਕਾਨੂੰਨ-ਵਿਵਸਥਾ ਦਾ ਹਵਾਲਾ ਦੇ ਕੇ ਉਸ ਨੂੰ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਮਿਸ਼ਨ ਦੀ ਮੁਖੀ ਨੇ ਕਿਹਾ ਕਿ ਉਹ ਮਨੀਪੁਰ ਦੇ ਮੁੱਖ ਮੰਤਰੀ ਨੂੰ ਵੀ ਮਿਲਣਾ ਚਾਹੁੰਦੀ ਹੈ। ਉਹ ਉਨ੍ਹਾਂ ਨੂੰ ਪੀੜਤ ਔਰਤਾਂ ਨਾਲ ਮੁਲਾਕਾਤ ਕਰਨ ਦੀ ਅਪੀਲ ਕਰੇਗੀ। -ਪੀਟੀਆਈ
ਫਰਜ਼ੀ ਖ਼ਬਰਾਂ ਕਾਰਨ ਮਨੀਪੁਰ ਵਿੱਚ ਹਿੰਸਾ ਵਧੀ: ਅਧਿਕਾਰੀ
ਇੰਫਾਲ, 23 ਜੁਲਾਈ
ਮਨੀਪੁਰ ’ਚ ਤਿੰਨ ਮਈ ਤੋਂ ਭੜਕੀ ਹਿੰਸਾ ’ਚ ਹੁਣ ਤੱਕ 160 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸੂਬੇ ’ਚ ਹਾਲਾਤ ’ਤੇ ਨਜ਼ਰ ਰੱਖਣ ਵਾਲੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿੰਸਾ ਨੂੰ ਵੱਡੇ ਪੱਧਰ ’ਤੇ ਅਫਵਾਹਾਂ ਤੇ ਫਰਜ਼ੀ ਖ਼ਬਰਾਂ ਕਾਰਨ ਉਤਸ਼ਾਹ ਮਿਲਿਆ ਹੈ। ਕਾਂਗਪੋਕਪੀ ਜ਼ਿਲ੍ਹੇ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਨਾਲ ਸਬੰਧਤ ਚਾਰ ਮਈ ਦੀ ਘਟਨਾ ਉਨ੍ਹਾਂ ਜਿਨਸੀ ਹਮਲਿਆਂ ’ਚੋਂ ਇੱਕ ਸੀ ਜੋ ਪੌਲੀਥੀਨ ’ਚ ਲਪੇਟੀ ਇੱਕ ਲਾਸ਼ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਆਉਣ ਅਤੇ ਇਹ ਝੂਠਾ ਦਾਅਵਾ ਕੀਤੇ ਜਾਣ ਕਿ ਪੀੜਤਾ ਦੀ ਚੂਰਾਚਾਂਦਪੁਰ ’ਚ ਕਬਾਇਲੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ, ਤੋਂ ਬਾਅਦ ਵਾਪਰੀ। ਇਸ ਸਬੰਧ ’ਚ ਇੱਕ ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਪਤਾ ਲੱਗਾ ਕਿ ਤਸਵੀਰ ਕੌਮੀ ਰਾਜਧਾਨੀ ’ਚ ਕਤਲ ਕੀਤੀ ਗਈ ਇੱਕ ਮਹਿਲਾ ਦੀ ਹੈ ਪਰ ਉਸ ਸਮੇਂ ਤੱਕ ਘਾਟੀ ’ਚ ਹਿੰਸਾ ਭੜਕ ਚੁੱਕੀ ਸੀ। ਅਧਿਕਾਰੀਆਂ ਨੇ ਕਿਹਾ ਕਿ ਫਰਜ਼ੀ ਤਸਵੀਰ ਕਾਰਨ ਹਿੰਸਾ ਭੜਕਣ ਲੱਗੀ ਤੇ ਸੂਬਾ ਸਰਕਾਰ ਵੱਲੋਂ ਤਿੰਨ ਮਈ ਨੂੰ ਇੰਟਰਨੈੱਟ ਬੰਦ ਕਰਨ ਦਾ ਇੱਕ ਕਾਰਨ ਇਹ ਘਟਨਾ ਵੀ ਸੀ। ਵੱਖ ਵੱਖ ਪਾਰਟੀਆਂ ਤੇ ਕਾਰਕੁਨਾਂ ਦੇ ਇੱਕ ਵਰਗ ਨੇ ਇੰਟਰਨੈੱਟ ’ਤੇ ਪਾਬੰਦੀ ਦਾ ਵਿਰੋਧ ਕੀਤਾ ਸੀ। ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਸੁਪਰੀਮ ਕੋਰਟ ਨੇ 17 ਜੁਲਾਈ ਨੂੰ ਮਨੀਪੁਰ ਸਰਕਾਰ ਨੂੰ ਕਿਹਾ ਕਿ ਉਹ ਸੂਬੇ ’ਚ ਇੰਟਰਨੈੱਟ ਸੇਵਾਵਾਂ ਦੀ ਸੀਮਤ ਬਹਾਲੀ ’ਤੇ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਹਾਈ ਕੋਰਟ ਕੋਲ ਹੀ ਆਪਣੀ ਸ਼ਿਕਾਇਤ ਕਰੇ।
ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਵਿਸ਼ਲੇਸ਼ਣ ’ਚ ਇਹ ਨਤੀਜਾ ਨਿਕਲਿਆ ਕਿ ਸਥਾਨਕ ਅਖ਼ਬਾਰਾਂ ਵੱਲੋਂ ਛਾਪੀਆਂ ਜਾ ਰਹੀਆਂ ਫਰਜ਼ੀ ਜਾਂ ਇਕਪਾਸੜ ਖ਼ਬਰਾਂ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਇੱਥੋਂ ਦੀ ਇੱਕ ਅਖ਼ਬਾਰ ਨੇ ਦਾਅਵਾ ਕੀਤਾ ਸੀ ਕਿ ਹਥਿਆਰਾਂ ਨਾਲ ਲੈਸ ਕਬਾਇਲੀ ਲੋਕ ਚੰਦੇਲ ਜ਼ਿਲ੍ਹੇ ਦੇ ਕਵਾਥਾ ਪਿੰਡ ’ਚ ਬਹੁ-ਗਿਣਤੀ ਭਾਈਚਾਰੇ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਖ਼ਬਰ ਮਗਰੋਂ ਪੁਲੀਸ ਹਰਕਤ ’ਚ ਆਈ ਪਰ ਪਤਾ ਲੱਗਾ ਕਿ ਖ਼ਬਰ ਝੂਠੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚੂਰਾਚਾਂਦਪੁਰ ’ਚ ਕਬਾਇਲੀ ਨੌਜਵਾਨਾਂ ਦੇ ਮਾਰਚ ਕਰਦੇ ਦੀ ਵੀਡੀਓ ਜਾਰੀ ਹੋਈ ਜਿਸ ਬਾਰੇ ਦਾਅਵਾ ਕੀਤਾ ਗਿਆ ਸੀ ਕਬਾਇਲੀ ਬਹੁਗਿਣਤੀ ਭਾਈਚਾਰੇ ਤੋਂ ਔਰਤਾਂ ਤੇ ਬੱਚੇ ਖੋਹ ਲੈਣਗੇ। ਇਸੇ ਤਰ੍ਹਾਂ ਇੰਫਾਲ ਘਾਟੀ ’ਚ ਕੁਝ ਕਬਾਇਲੀਆਂ ਵੱਲੋਂ ਧਾਰਮਿਕ ਕੌਂਗਬਾ ਮਾਰੂ ਲਾਈਫਾਲੇਨ ਨੂੰ ਸਾੜਨ ਸਬੰਧੀ ਖ਼ਬਰ ਫੈਲੀ ਸੀ ਜੋ ਬਾਅਦ ਵਿੱਚ ਝੂਠੀ ਨਿਕਲੀ ਸੀ। -ਪੀਟੀਆਈ