ਭੁਬਨੇਸ਼ਵਰ/ਕਟਕ, 8 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਸਰਕਾਰ ਨਾਲ ਮਿਲ ਕੇ ਉੜੀਸਾ ਦੇ ‘ਸਮੂਹਿਕ ਵਿਕਾਸ’ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਸੂਬਾ ਇਸ ਵੇਲੇ ‘ਅੱਛੇ ਦਿਨ’ ਮਹਿਸੂਸ ਕਰ ਰਿਹਾ ਹੈ। ਉਹ ਉੜੀਆ ਅਖਬਾਰ ‘ਪ੍ਰਜਾਤੰਤਰ’ ਦੀ 75ਵੀਂ ਵਰ੍ਹੇਗੰਢ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਸਾਉਣ ਮਹੀਨੇ ਦੇ ਆਖਰੀ ਸੋਮਵਾਰ ਨੂੰ ਇੱਥੇ ਸ੍ਰੀ ਲਿੰਗਰਾਜ ਮੰਦਰ ’ਚ ‘ਜਲ-ਅਭਿਸ਼ੇਕ’ ਕਰ ਕੇ ਆਪਣੀ ਉੜੀਸਾ ਯਾਤਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਖ਼ਤ ਸੁਰੱਖਿਆ ਹੇਠ ਭਗਵਾਨ ਸ਼ਿਵ ਦੇ ਮੰਦਰ ’ਚ ਕਰੀਬ 20 ਮਿੰਟ ਬਿਤਾਏ। ਇਸ ਦੌਰਾਨ ਸ਼ਾਹ ਸਮੇਤ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਮੰਦਰ ਦੇ ਬਾਹਰ ਕਤਾਰ ਵਿੱਚ ਖੜ੍ਹੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਾਹ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਸਮੀਰ ਮੋਹੰਤੀ ਦੇ ਘਰ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਪਾਰਟੀ ਦੇ ਹੋਰ ਆਗੂਆਂ ਨਾਲ ਸਵੇਰ ਦਾ ਭੋਜਨ ਕੀਤਾ। ਇਸ ਤੋਂ ਬਾਅਦ ਸ਼ਾਹ ਕਟਕ ਦੇ ਉੜੀਆ ਬਾਜ਼ਾਰ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਸਥਾਨ ਪਹੁੰਚੇ। ਇੱਥੇ ਉਨ੍ਹਾਂ ਨੇ ਕ੍ਰਾਂਤੀਕਾਰੀ ਆਗੂ ਬੋਸ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇਤਾਜੀ ਅਜਾਇਬ ਘਰ ਦਾ ਵੀ ਦੌਰਾ ਕੀਤਾ। -ਪੀਟੀਆਈ