ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਅੱਜ ਤੋਂ ਕੋਵਿਡ-19 ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ 31 ਮਾਰਚ ਤੱਕ ਫਰੰਟਲਾਈਨ ਵਰਕਰਾਂ, ਸਿਹਤ ਕਾਮਿਆਂ, 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਅਤੇ ਬਿਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਵਾਲੇ 6.5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗ ਚੁੱਕੇ ਹਨ। ਦੇਸ਼ ’ਚ 16 ਜਨਵਰੀ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਸੀ। ਟੀਕਾਕਰਨ ਮੁਹਿੰਮ ਦੇ 75ਵੇਂ ਦਿਨ ਬੁੱਧਵਾਰ ਨੂੰ 20,63,543 ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਮੰਤਰਾਲੇ ਨੇ ਕਿਹਾ ਕਿ ਪੰਜਾਬ, ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਕੇਰਲਾ, ਤਾਮਿਲ ਨਾਡੂ, ਗੁਜਰਾਤ ਅਤੇ ਮੱਧ ਪ੍ਰਦੇਸ਼ ’ਚ ਕਰੋਨਾ ਦੇ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ’ਚ 72,330 ਨਵੇਂ ਮਰੀਜ਼ ਸਾਹਮਣੇ ਆਏ ਹਨ ਜੋ ਇਸ ਸਾਲ ਇਕੋ ਦਿਨ ’ਚ ਸਭ ਤੋਂ ਜ਼ਿਆਦਾ ਹਨ। ਬੀਤੇ ਇਕ ਦਿਨ ’ਚ ਕਰੋਨਾ ਕਾਰਨ 459 ਵਿਅਕਤੀਆਂ ਦੀ ਮੌਤ ਵੀ ਹੋਈ ਹੈ। -ਪੀਟੀਆਈ