ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਤੋਂ ਭਾਰਤ ਵਾਪਸ ਆ ਰਹੇ ਲੋਕਾਂ ਨੂੰ ਇਹਤਿਆਤ ਵਜੋਂ ਪੋਲੀਓ ਰੋਕੂ ਟੀਕਾ ਮੁਫਤ ਲਗਾਇਆ ਜਾਵੇਗਾ। ਸ੍ਰੀ ਮਾਂਡਵੀਆ ਨੇ ਟਵੀਟ ਕਰਦਿਆਂ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਅਫ਼ਗਾਨਿਸਤਾਨ ਤੋਂ ਵਾਪਸ ਆਏ ਲੋਕਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਪੋਲੀਓ ਰੋਕੂ ਟੀਕਾ ਲਗਵਾਉਂਦੇ ਹੋਏ ਦਿਖਾਇਆ ਗਿਆ ਹੈ। ਦੁਨੀਆਂ ਵਿੱਚ ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਦੋ ਅਜਿਹੇ ਦੇਸ਼ ਹਨ, ਜਿੱਥੇ ਅਜੇ ਵੀ ਪੋਲੀਓ ਕੇਸ ਸਾਹਮਣੇ ਆ ਰਹੇ ਹਨ। -ਪੀਟੀਆਈ