ਨਵੀਂ ਦਿੱਲੀ, 27 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਚੌਕਸ ਕੀਤਾ ਕਿ ਕੋਵਿਡ-19 ਦਾ ਖ਼ਤਰਾ ਅਜੇ ਨਹੀਂ ਟਲਿਆ ਤੇ ਲੋਕ ਕਰੋਨਾ ਵੈਕਸੀਨਾਂ ਬਾਰੇ ਕਿਸੇ ਵੀ ਦੁਚਿੱਤੀ ਜਾਂ ਸ਼ਸ਼ੋਪੰਜ ਨੂੰ ਲਾਂਭੇ ਰੱਖ ਕੇ ਛੇਤੀ ਤੋਂ ਛੇਤੀ ਆਪਣਾ ਟੀਕਾਕਰਨ ਕਰਵਾਉਣ। ਸ੍ਰੀ ਮੋਦੀ ਨੇ ‘ਉੱਡਣੇ ਸਿੱਖ’ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਫਰਾਟਾ ਦੌੜਾਕ ਵੱਲੋਂ ਭਾਰਤੀ ਖੇਡ ਜਗਤ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਅਥਲੀਟ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਕੌਮੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਕਰੋਨਾ ਕਰਕੇ ਪਿਛਲੇ ਦਿਨੀਂ ਉਪਰੋਥਲੀ ਮੌਤ ਹੋ ਗਈ ਸੀ। ਸ੍ਰੀ ਮੋਦੀ ਨੇ ਅਗਾਮੀ ਟੋਕੀਓ ਓਲੰਪਿਕਸ ਦੇ ਮੱਦੇਨਜ਼ਰ ਇਸ ਖੇਡ ਕੁੰਭ ਵਿੱਚ ਜਾ ਰਹੇ ਭਾਰਤੀ ਅਥਲੀਟਾਂ ਦੇ ਸੰਘਰਸ਼ ਤੇ ਜਿੱਤਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਥਲੀਟਾਂ ’ਤੇ ਬੇਲੋੜਾ ਦਬਾਅ ਨਾ ਬਣਾਇਆ ਜਾਵੇ। ਉਨ੍ਹਾਂ ਮੌਨਸੂਨ ਦੇ ਮੱਦੇਨਜ਼ਰ ਪਾਣੀ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਸ੍ਰੀ ਮੋਦੀ ਨੇ ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਦੁਚਿੱਤੀ ਨੂੰ ਦੂਰ ਕਰਨ ਲਈ ਮੱਧ ਪ੍ਰਦੇਸ਼ ਦੇ ਬੇਤੂਲ ਜ਼ਿਲ੍ਹੇ ਦੇ ਕਬਾਇਲੀ ਪਿੰਡ ਦੁਲਾਰੀਆ ਦੇ ਕੁਝ ਲੋਕਾਂ ਨਾਲ ਗੱਲਬਾਤ ਵੀ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਸੌ ਸਾਲ ਦੀ ਉਮਰ ਨੂੰ ਢੁੱਕੀ ਮਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਵਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨ ਤੇ ਵਿਗਿਆਨੀਆਂ ’ਤੇ ਭਰੋਸਾ ਰੱਖਣ ਅਤੇ ਅਫ਼ਵਾਹਾਂ ਨੂੰ ਦੂਰ ਕਰਨ ਲਈ ਕੰਮ ਕਰਨ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਕਰੋਨਾ ਚਲਿਆ ਗਿਆ ਹੈ, ਤਾਂ ਇਸ ਗ਼ਲਤ ਧਾਰਨਾ ਵਿੱਚ ਨਹੀਂ ਆਉਣਾ। ਉਨ੍ਹਾਂ ਕਿਹਾ ਕਿ ਵਾਇਰਸ ‘ਕਈ ਭੇਸ ਬਦਲਣ ਵਿੱਚ ਮਾਹਿਰ’ ਹੈ ਤੇ ਇਸ ਦੇ ਨਿੱਤ ਨਵੇਂ ਰੂਪ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ, ‘ਕਰੋਨਾ ਤੋਂ ਬਚਣ ਲਈ ਸਾਡੇ ਕੋਲ ਦੋ ਹੀ ਰਸਤੇ ਹਨ। ਇਕ ਹੈ ਕਿ ਕਰੋਨਾ ਲਈ ਨਿਰਧਾਰਿਤ ਮਾਪਦੰਡਾਂ, ਜਿਵੇਂ ਮਾਸਕ ਪਾ ਕੇ ਰੱਖਣਾ, ਵਾਰ ਵਾਰ ਹੱਥ ਧੋਣੇ, ਸਮਾਜਿਕ ਦੂਰੀ ਆਦਿ ਦੀ ਪਾਲਣਾ। ਦੂਜਾ ਤਰੀਕਾ ਹੈ ਕਿ ਉਪਰੋਕਤ ਦੇ ਨਾਲ ਨਾਲ ਆਪਣਾ ਟੀਕਾਕਰਨ ਕਰਵਾਈਏ।’’ ਸ੍ਰੀ ਮੋਦੀ ਨੇ 21 ਜੂਨ ਨੂੰ ਇਕੋ ਦਿਨ ’ਚ 86 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਲਾਉਣ ਦੇ ਮਾਰਕੇ ਦੀ ਸ਼ਲਾਘਾ ਕੀਤੀ। ਮੌਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਸ੍ਰੀ ਮੋਦੀ ਨੇ ਪਾਣੀ ਨੂੰ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਅਗਲੇ ਮਹੀਨੇ ਟੋਕੀਓ ਓਲੰਪਿਕ ਵਿੱਚ ਸ਼ਾਮਲ ਹੋ ਰਹੇ ਭਾਰਤੀ ਅਥਲੀਟਾਂ ਦੇ ਸੰਘਰਸ਼ ਤੇ ਉਨ੍ਹਾਂ ਵੱਲੋਂ ਹੁਣ ਤੱਕ ਦਰਜ ਜਿੱਤਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਖਿਡਾਰੀਆਂ ’ਤੇ ਬੇਲੋੜਾ ਦਬਾਅ ਨਹੀਂ ਬਣਾਉਣਾ ਚਾਹੀਦਾ ਬਲਕਿ ਲੋਕ ਇਨ੍ਹਾਂ ਨੂੰ ‘ਭਾਰਤ ਲਈ ਹੱਲਾਸ਼ੇਰੀ’ ਦੇਣ। ਉਨ੍ਹਾਂ ਕਿਹਾ, ‘‘ਜਿਹੜਾ ਵੀ ਅਥਲੀਟ ਟੋਕੀਓ ਜਾ ਰਿਹਾ ਹੈ, ਉਸ ਨੇ ਸਖ਼ਤ ਘਾਲਣਾ ਘਾਲੀ ਹੈ। ਉਹ ਉਥੇ ਦਿਲਾਂ ਨੂੰ ਜਿੱਤਣ ਲਈ ਜਾ ਰਹੇ ਹਨ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਟੀਮ ’ਤੇ ਦਬਾਅ ਪਾਉਣ ਦੀ ਥਾਂ ਉਨ੍ਹਾਂ ਦੀ ਹਮਾਇਤ ਕਰੀਏ।’’ -ਪੀਟੀਆਈ
‘ਮਿਲਖਾ ਸਿੰਘ ਦੇ ਜ਼ਿਕਰ ਬਿਨਾਂ ਟੋਕੀਓ ਓਲੰਪਿਕ ਦੀ ਗੱਲ ਕਰਨੀ ਅਧੂਰੀ’
ਉੱਡਣੇ ਸਿੱਖ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਦੋਸਤੋ ਜਦੋਂ ਅਸੀਂ ਟੋਕੀਓ ਓਲੰਪਿਕ ਦੀ ਗੱਲ ਕਰਦੇ ਹਾਂ, ਅਸੀਂ ਮਹਾਨ ਅਥਲੀਟ ਮਿਲਖਾ ਸਿੰਘ ਨੂੰ ਕਿਵੇਂ ਭੁੱਲ ਸਕਦੇ ਹਾਂ। ਕੁਝ ਦਿਨ ਪਹਿਲਾਂ ਕਰੋਨਾ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ। ਜਦੋਂ ਉਹ ਹਸਪਤਾਲ ਵਿੱਚ ਸਨ ਤਾਂ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਤੁਸੀਂ 1964 ਟੋਕੀਓ ਓਲੰਪਿਕਸ ਦੀ ਨੁਮਾਇੰਦਗੀ ਕੀਤੀ, ਲਿਹਾਜ਼ਾ ਹੁਣ ਜਦੋਂ ਸਾਡੇ ਖਿਡਾਰੀ ਓਲੰਪਿਕਸ ਲਈ ਟੋਕੀਓ ਜਾ ਰਹੇ ਹਨ ਤਾਂ ਤੁਹਾਨੂੰ ਆਪਣੇ ਸੁਨੇਹੇ ਨਾਲ ਸਾਡੇ ਅਥਲੀਟਾਂ ਦਾ ਮਨੋਬਲ ਵਧਾਉਣ ਲਈ ਹੱਲਾਸ਼ੇਰੀ ਦੇਣੀ ਹੋਵੇਗੀ। ਉਹ ਖੇਡਾਂ ਪ੍ਰਤੀ ਇੰਨੇ ਵਚਨਬੱਧ ਸਨ ਕਿ ਉਨ੍ਹਾਂ ਬਿਮਾਰ ਹੋਣ ਦੇ ਬਾਵਜੂਦ ਫੌਰੀ ਆਪਣੀ ਸਹਿਮਤੀ ਦੇ ਦਿੱਤੀ।’
ਮੋਦੀ ਪਹਿਲਾਂ ਕੋਵਿਡ ਵੈਕਸੀਨ ਦੀ ਕਿੱਲਤ ਖ਼ਤਮ ਕਰਨ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਵੈਕਸੀਨਾਂ ਦੀ ‘ਕਿੱਲਤ’ ਨੂੰ ਖ਼ਤਮ ਕਰਨਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਕੋਵਿਡ-19 ਵੈਕਸੀਨਾਂ ਦੇਸ਼ ਦੇ ਹਰ ਨਾਗਰਿਕ ਨੂੰ ਉਪਲੱਬਧ ਹੋਣ। ਉਨ੍ਹਾਂ ਕਿਹਾ ਕਿ ਇਹ ਕਾਫ਼ੀ ਅਹਿਮ ਮੁੱਦਾ ਹੈ ਤੇ ਪ੍ਰਧਾਨ ਮੰਤਰੀ ਇਸ ਤੋਂ ਧਿਆਨ ਲਾਂਭੇ ਕਰਨ ਲਈ ਬਹਾਨੇ ਨਾ ਘੜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’, ਜਿਸ ਵਿੱਚ ਉਨ੍ਹਾਂ ਵੈਕਸੀਨ ਨੂੰ ਲੈ ਕੇ ਦੁਚਿੱਤੀ ਖ਼ਤਮ ਕਰਨ ਦੀ ਗੱਲ ਕਹੀ ਸੀ, ’ਤੇ ਚੁਟਕੀ ਲੈਂਦਿਆਂ ਰਾਹੁਲ ਨੇ ਇਕ ਟਵੀਟ ’ਚ ਕਿਹਾ, ‘‘ਇਕੋ ਕੰਮ ਕਰਨ ਦੀ ਲੋੜ ਹੈ, ਉਹ ਹੈ ਕਿ ਵੈਕਸੀਨਾਂ ਦੀ ਕਿੱਲਤ ਨੂੰ ਖ਼ਤਮ ਕੀਤਾ ਜਾਵੇ। ਬਾਕੀ ਸਭ ਤਾਂ ਧਿਆਨ ਲਾਂਭੇ ਕਰਨ ਦੇ ਬਹਾਨੇ ਹਨ।’’ ਰਾਹੁਲ ਨੇ ਇਕ ਹੋਰ ਟਵੀਟ ’ਚ ਕਿਹਾ, ‘‘ਸਾਰੇ ਨਾਗਰਿਕਾਂ ਨੂੰ ਵੈਕਸੀਨ ਉਪਲੱਬਧ ਕਰਵਾਈ ਜਾਵੇ। ਉਸ ਮਗਰੋਂ ਤੁਸੀਂ ਆਪਣੀ ‘ਮਨ ਕੀ ਬਾਤ’ ਕਰ ਸਕਦੇ ਹੋ।’’ -ਪੀਟੀਆਈ