ਗੋਰਖਪੁਰ, 19 ਮਾਰਚ
ਉੱਤਰ ਪ੍ਰਦੇਸ਼ ਦੇ ਕਾਰਜਕਾਰੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਨੇ ਰਾਸ਼ਟਰਵਾਦ, ਚੰਗੇ ਰਾਜ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਯੋਗੀ ਨੇ ਇਥੋਂ ਦੇ ਘੰਟਾ ਘਰ ਤੋਂ ਕੱਢੀ ਗਈ ਰਵਾਇਤੀ ਭਗਵਾਨ ਨਰਸਿੰਹ ਸ਼ੋਭਾ ਯਾਤਰਾ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਆਰਤੀ ਤੋਂ ਬਾਅਦ ਲੋਕਾਂ ਨਾਲ ਰੰਗਾਂ ਅਤੇ ਫੁੱਲਾਂ ਦੀ ਹੋਲੀ ਵੀ ਖੇਡੀ। ਇਸ ਮੌਕੇ ਲੋਕਾਂ ਵੱਲੋਂ ‘ਯੋਗੀ ਯੋਗੀ’ ਅਤੇ ‘ਜੈ ਸ੍ਰੀਰਾਮ’ ਦੇ ਨਾਅਰੇ ਵੀ ਗੂੰਜਾਏ ਜਾ ਰਹੇ ਸਨ।
ਭੀੜ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ,‘‘ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਨੇ ਭਾਜਪਾ ਨੂੰ ਗੋਰਖਪੁਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਅਤੇ ਡਿਵੀਜ਼ਨ ਦੀਆਂ 28 ’ਚੋਂ 27 ਸੀਟਾਂ ’ਤੇ ਜਿਤਾਇਆ ਹੈ। ਤਿਉਹਾਰ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਰਲ ਕੇ ਕਰਦੇ ਹਾਂ ਤਾਂ ਜਿੱਤ ਯਕੀਨੀ ਤੌਰ ’ਤੇ ਨਸੀਬ ਹੁੰਦੀ ਹੈ। ਤੁਸੀਂ ਸਾਰੇ ਚੁਣੌਤੀਪੂਰਨ ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਦੇ ਮਾਰਗ ਦਰਸ਼ਨ ਹੇਠ ਜੇਤੂ ਬਣੇ ਹੋ। ਲੋਕਾਂ ਨੇ ਰਾਸ਼ਟਰਵਾਦ, ਚੰਗੇ ਸ਼ਾਸਨ ਅਤੇ ਵਿਕਾਸ ਨੂੰ ਚੁਣਿਆ ਹੈ।’’ -ਪੀਟੀਆਈ
ਯੋਗੀ ਕੈਬਨਿਟ ਦਾ ਹਲਫ਼ਦਾਰੀ ਸਮਾਗਮ 25 ਨੂੰ
ਲਖਨਊ: ਉੱਤਰ ਪ੍ਰਦੇਸ਼ ’ਚ ਯੋਗੀ ਆਦਿੱਤਿਆਨਾਥ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ 25 ਮਾਰਚ ਨੂੰ ਮੁੜ ਤੋਂ ਹਲਫ਼ ਲਿਆ ਜਾਵੇਗਾ। ਹਲਫ਼ਦਾਰੀ ਸਮਾਗਮ ਅਟਲ ਬਿਹਾਰੀ ਵਾਜਪਈ ਇਕਾਨਾ ਸਟੇਡੀਅਮ ’ਚ ਸ਼ੁੱਕਰਵਾਰ ਸ਼ਾਮ 4 ਵਜੇ ਹੋਵੇਗਾ। ਵਧੀਕ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਅੱਜ ਸਟੇਡੀਅਮ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਸਟੇਡੀਅਮ ’ਚ 75 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਜਪਾ ਸੂਤਰਾਂ ਮੁਤਾਬਕ ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਜੇ ਪੀ ਨੱਢਾ ਅਤੇ ਹੋਰ ਕਈ ਕੇਂਦਰੀ ਮੰਤਰੀ ਸਮਾਗਮ ਦੀ ਸ਼ੋਭਾ ਵਧਾ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ, ਸੰਘ ਆਗੂਆਂ ਅਤੇ ਪਾਰਟੀ ਅਹੁਦੇਦਾਰਾਂ ਦੇ ਵੀ ਇਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। -ਪੀਟੀਆਈ