ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਜ਼ੁਰਗਾਂ ਨੂੰ ਰੇਲ ਕਿਰਾਏ ਵਿੱਚ ਛੋਟ ਨਾ ਦੇਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਭੰਡਿਆ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਆਪਣੇ ‘ਦੋਸਤਾਂ’ ਲਈ ਤਾਰਿਆਂ ਤੱਕ ਵੀ ਪਹੁੰਚ ਸਕਦੀ ਹੈ, ਜਦੋਂਕਿ ਆਮ ਲੋਕ ਇਕ ਇਕ ਪੈਸੇ ਲਈ ਤਰਸ ਰਹੇ ਹਨ। ਕਾਂਗਰਸ ਆਗੂ ਨੇ ਸਰਕਾਰ ਵੱਲੋੋਂ ਇਸ਼ਤਿਹਾਰਬਾਜ਼ੀ, ਨਵੇਂ ਹਵਾਈ ਜਹਾਜ਼ ਤੇ ਆਪਣੇ ਦੋਸਤਾਂ ਨੂੰ ਦਿੱਤੀਆਂ ਟੈਕਸ ਰਿਆਇਤਾਂ ਦੇੇਣ ਲਈ ਖਰਚੇ ਪੈਸਿਆਂ ਦਾ ਵੀ ਵੇਰਵਾ ਦਿੱਤਾ। ਗਾਂਧੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਇਸ਼ਤਿਹਾਰਬਾਜ਼ੀ ’ਤੇ ਖਰਚਾ: 911 ਕਰੋੜ ਰੁਪਏ, ਨਵੇਂ ਜਹਾਜ਼: 8400 ਕਰੋੜ ਰੁਪਏ, ਪੂੰਜੀਵਾਦੀ ਦੋਸਤਾਂ ਨੂੰ ਟੈਕਸਾਂ ’ਚ ਛੋਟ: 1,45,000 ਕਰੋੜ ਰੁਪਏ ਪ੍ਰਤੀ ਸਾਲ। ਪਰ ਸਰਕਾਰ ਕੋਲ ਬਜ਼ੁਰਗਾਂ ਨੂੰ ਰੇਲ ਭਾੜੇ ਵਿੱਚ ਛੋਟ ਦੇਣ ਲਈ 1500 ਕਰੋੜ ਰੁਪਏ ਨਹੀਂ ਹਨ। ਆਪਣੇ ਦੋਸਤਾਂ ਲਈ ਤਾਂ ਤਾਰੇ ਤੋੜ ਕੇ ਲਿਆਉਣ ਲਈ ਵੀ ਤਿਆਰ ਹਨ, ਪਰ ਲੋਕਾਂ ਨੂੰ ਪੈਸੇ ਪੈਸੇ ਲਈ ਤਰਸਾਉਣਗੇ।’’ ਦੱਸ ਦੇਈਏ ਕਿ ਸਰਕਾਰ ਨੂੰ ਸੀਨੀਅਰ ਸਿਟੀਜ਼ਨਾਂ ਨੂੰ ਰੇਲ ਕਿਰਾਏ ਵਿੱਚ 50 ਫੀਸਦ ਦੀ ਛੋਟ ਦਿੰਦੀ ਸੀ, ਪਰ ਕੋਵਿਡ-19 ਦੇ ਹਮਲੇ ਮਗਰੋਂ ਸਰਕਾਰ ਨੇ ਇਹ ਸਹੂਲਤ ਬੰਦ ਕਰ ਦਿੱਤੀ ਸੀ। -ਪੀਟੀਆਈ