ਲਖਨਊ, 18 ਜੁਲਾਈ
ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਦਾਅਵਾ ਕੀਤਾ ਕਿ ਅਗਲੇ ਸਾਲ ਰਾਜ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬ੍ਰਾਹਮਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੋਟ ਨਹੀਂ ਦੇਣਗੇ। ਮਾਇਆਵਤੀ ਨੇ ਇੱਥੇ ਮੀਡੀਆ ਨੂੰ ਕਿਹਾ, ‘ਮੈਨੂੰ ਪੂਰਾ ਭਰੋਸਾ ਹੈ ਕਿ ਹੁਣ ਬ੍ਰਾਹਮਣ ਸਮਾਜ ਦੇ ਲੋਕ ਭਾਜਪਾ ਦੇ ਕਿਸੇ ਵੀ ਧੋਖੇ ’ਚ ਨਹੀਂ ਆਉਣਗੇ ਤੇ ਅਗਲੇ ਸਾਲ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਵੋਟ ਨਹੀਂ ਦੇਣਗੇ।’ ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਨੂੰ ਜਾਗਰੂਕ ਕਰਨ ਲਈ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰ ਦੀ ਅਗਵਾਈ ਹੇਠ 23 ਜੁਲਾਈ ਨੂੰ ਅਯੁੱਧਿਆ ’ਚ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬ੍ਰਾਹਮਣਾਂ ਨੂੰ ਭਰੋਸਾ ਦਿੱਤਾ ਜਾਵੇਗਾ ਕਿ ਬਸਪਾ ਦੇ ਰਾਜ ’ਚ ਹੀ ਉਨ੍ਹਾਂ ਦੇ ਹਿੱਤ ਸੁਰੱਖਿਅਤ ਹਨ। ਬਸਪਾ ਮੁਖੀ ਨੇ ਕਿਸਾਨਾਂ ਦਾ ਮੁੱਦਾ ਚੁਕਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਇਕੱਠਿਆਂ ਅੱਗੇ ਆਉਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਮਾਇਆਵਤੀ ਨੇ ਕਿਹਾ, ‘ਮੈਂ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਸਦ ਦੇ ਮੌਨਸੂਨ ਸੈਸ਼ਨ ’ਚ ਦੇਸ਼ ਤੇ ਹੋਰ ਲੋਕਾਂ ਨਾਲ ਸਬੰਧਤ ਮਸਲੇ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।’ -ਪੀਟੀਆਈ