ਨਾਗਪੁਰ, 9 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਦੇਸ਼ ਦੇ ਮੂਡ ਦਾ ਪਤਾ ਲਗਦਾ ਹੈ ਅਤੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਉਹ ਕਾਂਗਰਸ ਤੇ ਅਰਬਨ ਨਕਸਲੀਆਂ ਦੀਆਂ ਨਫ਼ਰਤੀ ਚਾਲਾਂ ਦਾ ਸ਼ਿਕਾਰ ਨਹੀਂ ਬਣਨਗੇ।
ਮਹਾਰਾਸ਼ਟਰ ’ਚ 7600 ਕਰੋੜ ਰੁਪਏ ਤੋਂ ਵਧ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਵਰਚੁਅਲੀ ਆਗ਼ਾਜ਼ ਕਰਨ ਮਗਰੋਂ ਆਪਣੇ ਸੰਬੋਧਨ ’ਚ ਮੋਦੀ ਨੇ ਕਿਹਾ, ‘ਕਾਂਗਰਸ ਗ਼ੈਰਜ਼ਿੰਮੇਵਾਰ ਪਾਰਟੀ ਅਤੇ ਨਫ਼ਰਤ ਫੈਲਾਉਣ ਵਾਲੀ ਫੈਕਟਰੀ ਹੈ, ਜੋ ਹਿੰਦੂਆਂ ਨੂੰ ਵੰਡਣਾ ਅਤੇ ਇਕ ਫਿਰਕੇ ਨੂੰ ਦੂਜੇ ਖ਼ਿਲਾਫ਼ ਲੜਾਉਣਾ ਚਾਹੁੰਦੀ ਹੈ।’ ਉਨ੍ਹਾਂ ਕਿਹਾ ਕਿ ਵਿਰੋਧੀ ਮਹਾ ਵਿਕਾਸ ਅਗਾੜੀ (ਐੱਮਵੀਏ) ਸੱਤਾ ਹਾਸਲ ਕਰਨ ਲਈ ਮਹਾਰਾਸ਼ਟਰ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਰ ਹੁਕਮਰਾਨ ਮਹਾਯੁਤੀ (ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ) ਸੂਬੇ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ’ਤੇ ਅਗਲੇ ਮਹੀਨੇ ਚੋਣਾਂ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਮੁਸਲਮਾਨਾਂ ’ਚ ਡਰ ਦਾ ਮਾਹੌਲ ਪੈਦਾ ਕਰਕੇ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਣਾ ਚਾਹੁੰਦੀ ਹੈ।
ਉਨ੍ਹਾਂ ਵਿਰੋਧੀ ਧਿਰ ’ਤੇ ਸਿਆਸੀ ਲਾਹੇ ਲਈ ਹਿੰਦੂਆਂ ਨੂੰ ਵੰਡਣ ਲਈ ਜਾਤੀਗਤ ਸਿਆਸਤ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਭਰੋਸਾ ਜਤਾਇਆ ਕਿ ਮਹਾਰਾਸ਼ਟਰ ਦੇ ਲੋਕ ਸਮਾਜ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨਕਾਰ ਦੇਣਗੇ ਅਤੇ ਮਹਾਯੁਤੀ ਦੇ ਹੱਕ ’ਚ ਫ਼ਤਵਾ ਦੇਣਗੇ ਤਾਂ ਜੋ ਦੇਸ਼ ਦਾ ਵਿਕਾਸ ਹੋ ਸਕੇ।
ਉਨ੍ਹਾਂ ਮਹਾਰਾਸ਼ਟਰ ਦੇ ਲੋਕਾਂ ਨੂੰ ਕਿਹਾ ਕਿ ਉਹ ਹਰਿਆਣਾ ਦੇ ਮੁਕਾਬਲੇ ਵਧ ਗਿਣਤੀ ’ਚ ਵੋਟਾਂ ਪਾ ਕੇ ਮਹਾਯੁਤੀ ਨੂੰ ਜਿਤਾਉਣ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਹਰਿਆਣਾ ’ਚ ਕਿਸਾਨਾਂ ਨੂੰ ਭੜਕਾਇਆ ਪਰ ਕਿਸਾਨ ਜਾਣਦੇ ਹਨ ਕਿ ਉਨ੍ਹਾਂ ਨੂੰ ਫ਼ਸਲਾਂ ’ਤੇ ਕਿਸ ਨੇ ਐੱਮਐੱਸਪੀ ਦਿੱਤੀ ਹੈ। ਹਰਿਆਣਾ ਦੇ ਲੋਕਾਂ ਨੇ ਵਿਕਾਸ ਨੂੰ ਤਰਜੀਹ ਦਿੱਤੀ ਹੈ। -ਪੀਟੀਆਈ
ਸਰਕਾਰੀ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਦੇ ਸਿਆਸੀ ਭਾਸ਼ਣ ’ਤੇ ਕਾਂਗਰਸ ਨੂੰ ਇਤਰਾਜ਼
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਰਟੀ ’ਤੇ ਕੀਤੇ ਗਏ ਹਮਲੇ ’ਤੇ ਇਤਰਾਜ਼ ਜਤਾਉਂਦਿਆਂ ਦੋਸ਼ ਲਾਇਆ ਕਿ ਉਹ ਸਿਆਸੀ ਭਾਸ਼ਣ ਅਤੇ ਵਿਰੋਧੀ ਧਿਰ ’ਤੇ ਹਮਲੇ ਲਈ ਸਰਕਾਰੀ ਪ੍ਰੋਗਰਾਮ ਦੀ ਵਰਤੋਂ ਕਰਦੇ ਹਨ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ‘ਐਕਸ’ ’ਤੇ ਕਿਹਾ ਕਿ ਟੈਕਸ ਦਾਤਿਆਂ ਦਾ ਪੈਸਾ ਸਿਆਸੀ ਭਾਸ਼ਣਾਂ ਲਈ ਨਹੀਂ ਵਰਤਿਆ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਹੈ। -ਪੀਟੀਆਈ