ਅਹਿਮਦਾਬਾਦ, 11 ਜੁਲਾਈ
ਗੁਜਰਾਤ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ-ਮੁੱਖ ਮੰਤਰੀ ਅਮਰੁਤਮ (ਪੀਐੱਮਜੇਏਵਾਈ-ਐੱਮਏ) ਸਕੀਮ ਨੂੰ ਅੱਜ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਹੈ। ਇਸ ਤਹਿਤ ਲੋਕ ਹੁਣ ਪੰਜ ਲੱਖ ਦੀ ਥਾਂ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣਗੇ। ਸੂਬਾ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਜਰਾਤ ਦੇ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਨੇ ਆਪਣੇ ਦਫ਼ਤਰ ’ਚ ਸੋਧੀ ਹੋਈ ਸਿਹਤ ਬੀਮਾ ਯੋਜਨਾ ਦੀ ਅਧਿਕਾਰਿਤ ਤੌਰ ’ਤੇ ਸ਼ੁਰੂਆਤ ਕੀਤੀ। ਬਿਆਨ ਮੁਤਾਬਕ ਪੀਐੱਮਜੇਏਵਾਈ-ਐੱਮਏ ਦੇ ਲਾਭਪਾਤਰੀਆਂ ਨੂੰ ਗੁਜਰਾਤ ਵਿੱਚ ਅੱਜ ਤੋਂ ਦਸ ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ, ਜੋ ਪਿਛਲੇ ਪੰਜ ਲੱਖ ਦੇ ਕਵਰ ਤੋਂ ਦੋ ਗੁਣਾਂ ਵੱਧ ਹੈ। ਕੇਂਦਰ ਦੀ ਪੀਐੱਮਜੇਏਵਾਈ ਯੋਜਨਾ ਆਯੂਸ਼ਮਾਨ ਭਾਰਤ ਵਜੋਂ ਪ੍ਰਸਿੱਧ ਹੈ। ਸੂਬਾ ਸਰਕਾਰ ਦੀ ਮੁੱਖ ਮੰਤਰੀ ਅਮਰੁਤਮ ਸਕੀਮ ਹੈ ਜਿਸ ਦਾ ਕੇਂਦਰੀ ਸਿਹਤ ਯੋਜਨਾ ਨਾਲ ਰਲੇਵਾਂ ਕੀਤਾ ਗਿਆ ਹੈ। -ਪੀਟੀਆਈ