ਨਵੀਂ ਦਿੱਲੀ, 28 ਅਗਸਤ
ਸੁਪਰਟੈੱਕ ਦੇ ਕਰੀਬ 100 ਮੀਟਰ ਉੱਚੇ ਦੋ ਟਾਵਰਾਂ ਨੂੰ ਢਹਿ-ਢੇਰੀ ਕੀਤੇ ਜਾਣ ਦੌਰਾਨ ਡਾਕਟਰਾਂ ਨੇ ਨੇੜਲੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ। ਡਾਕਟਰਾਂ ਨੇ ਸਾਹ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਉਚੇਚੇ ਤੌਰ ’ਤੇ ਕਿਹਾ ਹੈ ਕਿ ਜੇਕਰ ਸੰਭਵ ਹੋਵੇ ਤਾਂ ਉਹ ਇਲਾਕੇ ਤੋਂ ਕੁਝ ਦਿਨ ਦੂਰ ਹੀ ਰਹਿਣ। ਟਾਵਰਾਂ ਨੂੰ ਡੇਗਣ ਸਮੇਂ ਆਸਮਾਨ ’ਚ ਧੂੜ ਦਾ ਗੁਬਾਰ ਛਾ ਗਿਆ ਜਿਸ ਕਾਰਨ ਲੋਕਾਂ ਨੂੰ ਤਕਲੀਫ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰਾਂ ਨੇ ਕਿਹਾ ਕਿ ਧੂੜ ਦੇ ਕਣ 5 ਮਾਈਕਰੋਨ ਜਾਂ ਉਸ ਤੋਂ ਘੱਟ ਦੇ ਹੋ ਸਕਦੇ ਹਨ ਅਤੇ ਜੇਕਰ ਤੇਜ਼ ਹਵਾ ਤੇ ਮੀਂਹ ਨਾ ਪਿਆ ਤਾਂ ਇਹ ਕੁਝ ਦਿਨਾਂ ਤੱਕ ਹਵਾ ’ਚ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਧੂੜ ਕਾਰਨ ਅੱਖਾਂ, ਕੰਨਾਂ ਅਤੇ ਚਮੜੀ ’ਤੇ ਖਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਖੰਘ, ਛਿੱਕਾਂ, ਸਾਹ ਲੈਣ ’ਚ ਮੁਸ਼ਕਲ, ਫੇਫੜਿਆਂ ’ਚ ਇਨਫੈਕਸ਼ਨ ਅਤੇ ਦਮੇ ਦੇ ਅਟੈਕ ਹੋ ਸਕਦੇ ਹਨ। ਸਫ਼ਦਰਜੰਗ ਹਸਪਤਾਲ ਦੇ ਡਾਕਟਰ ਜੁਗਲ ਕਿਸ਼ੋਰ ਨੇ ਕਿਹਾ ਕਿ ਜਿਹੜੇ ਵਿਅਕਤੀ ਸਾਹ ਦੇ ਰੋਗਾਂ ਤੋਂ ਪੀੜਤ ਹਨ, ਉਹ ਘੱਟੋ ਘੱਟ 48 ਘੰਟੇ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ। ਉਨ੍ਹਾਂ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਕੁਝ ਦਿਨ ਕਸਰਤ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ।
ਏਮਸ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਯੁੱਧਵੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਹਤਿਆਤ ਵਜੋਂ ਐੱਨ-95 ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਹ ਆਪਣੇ ਕੋਲ ਦਵਾਈਆਂ ਰੱਖਣ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਅਰ ਲੈਬ ਦੇ ਸਾਬਕਾ ਮੁਖੀ ਡਾਕਟਰ ਦੀਪਾਂਕਰ ਸਾਹਾ ਨੇ ਕਿਹਾ ਕਿ ਨੋਇਡਾ ਦੇ ਅਧਿਕਾਰੀਆਂ ਨੂੰ ਮਲਬਾ ਸਾਫ਼ ਹੋਣ ਤੱਕ ਹਵਾ ਪ੍ਰਦੂਸ਼ਣ ਦੇ ਪੱਧਰ ’ਤੇ ਨਜ਼ਰ ਰਖਣੀ ਚਾਹੀਦੀ ਹੈ। -ਪੀਟੀਆਈ