ਮੁੰਬਈ, 30 ਅਪਰੈਲ
ਇੱੱਥੇ ਅੱਜ ਗੱਲ ਕਰਦਿਆਂ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਜਾਤ-ਪਾਤ ਅਤੇ ਧਰਮ ਦੇ ਨਾਂ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭੁੱਖਮਰੀ ਅਤੇ ਨੌਕਰੀਆਂ ਵਰਗੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਰਿਹਾ ਹੈ। ਪਵਾਰ ਦਾ ਇਹ ਬਿਆਨ ਐੱਮਐੱਨਐੱਸ ਮੁਖੀ ਰਾਜ ਠਾਕਰੇ ਦੀ ਰੈਲੀ ਤੋਂ ਪਹਿਲਾਂ ਆਇਆ ਹੈ, ਜਿਨ੍ਹਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਮਸਜਿਦਾਂ ਤੋਂ ਲਾਊਡ ਸਪੀਕਰਾਂ ਨੂੰ ਹਟਾਉਣ ਦੀ ਮੰਗ ਕਰਕੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਇੱਥੇ ਇੱਕ ਸਮਾਗਮ ਵਿੱਚ ਬੋਲਦਿਆਂ ਪਵਾਰ ਨੇ ਪੁੱਛਿਆ ਕਿ ਕੀ ਅਜਿਹੀਆਂ ਮੰਗਾਂ ਨਾਲ ਅਸਲ ਮਸਲੇ ਹੱਲ ਹੋ ਜਾਣਗੇ। ਉਨ੍ਹਾਂ ਕਿਹਾ “ਅਸੀਂ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਜਾਤ ਅਤੇ ਧਰਮ ਦੇ ਨਾਂ ’ਤੇ ਦੇਸ਼ ਨੂੰ ਪਿਛਾਂਹ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਲੋਕਾਂ ਦੇ ਬੁਨਿਆਦੀ ਮੁੱਦੇ ਕੀ ਹਨ?’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਮਹਿੰਗਾਈ, ਅਨਾਜ, ਬੇਰੁਜ਼ਗਾਰੀ, ਇੱਜ਼ਤ ਨਾਲ ਜਿਊਣ ਦਾ ਮੁੱਦਾ ਹੈ ਪਰ ਕੋਈ ਵੀ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ।’’ ਰਾਜ ਠਾਕਰੇ ਦਾ ਨਾਂ ਲਏ ਬਿਨਾਂ ਉਨ੍ਹਾਂ ਐਤਵਾਰ ਨੂੰ ਔਰੰਗਾਬਾਦ ਵਿੱਚ ਐੱਮਐੱਨਐੱਸ ਮੁਖੀ ਦੀ ਨਿਰਧਾਰਤ ਰੈਲੀ ਬਾਰੇ ਨਿਊਜ਼ ਚੈਨਲ ਦੀਆਂ ਰਿਪੋਰਟਾਂ ਦਾ ਹਵਾਲਾ ਵੀ ਦਿੱਤਾ। ਪਵਾਰ ਨੇ ਪੁੱਛਿਆ, ‘‘ਐੱਮਐੱਨਐੱਸ ਕਹਿ ਰਹੀ ਹੈ ਕਿ ਇਹ ਕਰੇਗੀ, ਉਹ ਕਰੇਗੀ… ਇਹ ਉਹ ਹਨੂੰਮਾਨ ਦੇ ਨਾਮ ’ਤੇ ਕਰੇਗੀ… ਕੀ ਇਸ ਨਾਲ ਤੁਹਾਡੀਆਂ ਬੇਰੁਜ਼ਗਾਰੀ ਨਾਲ ਸਬੰਧਤ ਮੰਗਾਂ ਪੂਰੀਆਂ ਹੋਣਗੀਆਂ? ਕੀ ਇਸ ਨਾਲ ਤੁਹਾਡੀ ਭੁੱਖ ਦਾ ਮਸਲਾ ਹੱਲ ਹੋ ਜਾਵੇਗਾ?’’ -ਪੀਟੀਆਈ