ਨਵੀਂ ਦਿੱਲੀ, 17 ਜੁਲਾਈ
ਭਾਰਤ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਕਿਹਾ ਹੈ ਕਿ ਲੋਕਾਂ ਨੂੰ ਨਿਆਂਪਾਲਿਕਾ ’ਤੇ ਭਰੋਸਾ ਹੈ ਕਿ ਉਥੋਂ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਜਾਣਦੇ ਹਨ ਕਿ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਸੁਪਰੀਮ ਕੋਰਟ ਸਭ ਤੋਂ ਵੱਡੀ ਜਮਹੂਰੀਅਤ ਦੇ ਰਾਖੇ ਵਜੋਂ ਉਨ੍ਹਾਂ ਨਾਲ ਜ਼ਰੂਰ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਨਾਲ ਨਾਲ ਲੋਕਾਂ ਦੇ ਨਿਆਂ ਪ੍ਰਣਾਲੀ ’ਤੇ ਭਰੋਸੇ ਨੇ ਸੁਪਰੀਮ ਕੋਰਟ ਦੇ ਆਦਰਸ਼ ਵਾਕ ‘ਜਿਥੇ ਧਰਮ ਹੈ, ਉਥੇ ਜਿੱਤ ਯਕੀਨੀ ਹੈ’ ਨੂੰ ਸੱਚ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤਾਂ ’ਚ ਬਕਾਇਆ ਪਏ ਕੇਸਾਂ ਦੀ ਗਿਣਤੀ ਸਾਢੇ ਚਾਰ ਕਰੋੜ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਭਾਰਤੀ ਨਿਆਂਪਾਲਿਕਾ ਦੀ ਅਯੋਗਤਾ ਨੂੰ ਦਰਸਾਉਂਦਾ ਹੈ ਪਰ ਇਹ ਅਧਿਐਨ ਠੀਕ ਨਹੀਂ ਹੈ ਕਿਉਂਕਿ ਕਈ ਕੇਸ ਤਾਂ ਸਮਾਂ ਬਿਤਾਉਣ ਲਈ ਕੀਤੇ ਜਾਂਦੇ ਹਨ।
ਚੀਫ਼ ਜਸਟਿਸ ਨੇ ਕਿਹਾ ਕਿ ਇਨਸਾਫ਼ ’ਚ ਦੇਰੀ ਦਾ ਇਕ ਕਾਰਨ ‘ਮਹਿੰਗੀ ਮੁਕੱਦਮੇਬਾਜ਼ੀ’ ਵੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ’ਚ ਟਕਰਾਅ ਤੋਂ ਬਚਣਾ ਮੁਸ਼ਕਲ ਹੈ ਅਤੇ ਇਨ੍ਹਾਂ ਤੋਂ ਬਚਣ ਲਈ ਢਾਂਚਾ ਵਿਕਸਤ ਕਰਨ ਦੀ ਲੋੜ ਹੈ। ਮਹਾਭਾਰਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਟਕਰਾਅ ਨੂੰ ਸ਼ੁਰੂ ’ਚ ਹੀ ਸਾਲਸ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਬ੍ਰਿਟਿਸ਼ ਰਾਜ ਤੋਂ ਪਹਿਲਾਂ ਵਿਵਾਦਾਂ ਨੂੰ ਸੁਲਝਾਉਣ ਲਈ ਵਿਚੋਲਗੀ ਦੇ ਨਾਲ ਕਈ ਹੋਰ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ 1775 ’ਚ ਬ੍ਰਿਟਿਸ਼ ਅਦਾਲਤੀ ਪ੍ਰਣਾਲੀ ਨੇ ਭਾਰਤ ਦੇ ਵਿਵਾਦ ਨਿਪਟਾਰੇ ਵਾਲੀ ਪੁਰਾਤਨ ਪ੍ਰਣਾਲੀ ਨੂੰ ਖੋਰਾ ਲਾ ਦਿੱਤਾ।ਭਾਰਤ-ਸਿੰਗਾਪੁਰ ਵਿਚਲੋਗੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਸਟਿਸ ਰਾਮੰਨਾ ਨੇ ਕਿਹਾ ਕਿ ਕਈ ਏਸ਼ਿਆਈ ਮੁਲਕਾਂ ’ਚ ਵਿਵਾਦਾਂ ਦੇ ਨਿਪਟਾਰੇ ਦੀ ਪੁਰਾਣੀ ਰਵਾਇਤ ਹੈ। ਉਨ੍ਹਾਂ ਕਿਹਾ ਕਿ ਮਹਾਭਾਰਤ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ ਜਿਥੇ ਭਗਵਾਨ ਕ੍ਰਿਸ਼ਨ ਨੇ ਪਾਂਡਵਾਂ ਅਤੇ ਕੌਰਵਾਂ ਵਿਚਕਾਰ ਝਗੜਾ ਸੁਲਝਾਉਣ ਲਈ ਵਿਚੋਲਗੀ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਜੱਜਾਂ ਦੇ ਰਵੱਈਏ ਬਾਰੇ ਇਕ ਮਜ਼ਾਹੀਆ ਕਿੱਸਾ ਵੀ ਸਾਂਝਾ ਕੀਤਾ। ਇਕ ਜੱਜ ਘਰ ’ਚ ਸਵੇਰੇ ਕਾਫੀ ਪੀਣ ਸਮੇਂ ਅਖ਼ਬਾਰ ਪੜ੍ਹ ਰਿਹਾ ਸੀ ਤਾਂ ਉਸ ਦੀ ਪੋਤੀ ਆਈ ਅਤੇ ਕਿਹਾ,‘‘ਦਾਦਾ ਜੀ ਮੇਰੀ ਵੱਡੀ ਭੈਣ ਨੇ ਮੇਰਾ ਖਿਡੌਣਾ ਲੈ ਲਿਆ ਹੈ।’’ ਇਸ ’ਤੇ ਜੱਜ ਨੇ ਤੁਰੰਤ ਕਿਹਾ,‘‘ ਕੀ ਤੇਰੇ ਕੋਲ ਇਸ ਦਾ ਕੋਈ ਸਬੂਤ ਹੈ।’’
-ਆਈਏਐਨਐਸ/ਪੀਟੀਆਈ