ਨਵੀਂ ਦਿੱਲੀ, 2 ਮਈ
ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਚਾਹੇ ਅਸਾਮ, ਕੇਰਲਾ, ਪੁੱਡੂਚੇਰੀ ਤੇ ਪੱਛਮੀ ਬੰਗਾਲ ਵਿਚ ਚੋਣ ‘ਹਾਰ’ ਗਈ ਹੈ, ਪਰ ਇਨ੍ਹਾਂ ਔਖੇ ਸਮਿਆਂ ਵਿਚ ਪਾਰਟੀ ਨੇ ਲੋਕਾਂ ਦੀ ਆਵਾਜ਼ ਬਣਨ ਦਾ ਆਪਣਾ ‘ਅਹਿਦ ਜਾਂ ਹੌਸਲਾ ਨਹੀਂ ਗੁਆਇਆ ਹੈ।’
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਆਪਣੀ ਅਸਫ਼ਲਤਾ ਉਤੇ ਮੰਥਨ ਕਰੇਗੀ ਤੇ ਅੰਦਰੂਨੀ ਵਿਚਾਰ-ਚਰਚਾ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਨੇ ਲੋਕਾਂ ਦਾ ਫ਼ਤਵਾ ਨਿਮਰਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਲੋਕ ਫ਼ਤਵਾ ਹੀ ਆਖ਼ਰੀ ਹੁੰਦਾ ਹੈ। ਪੰਜ ਰਾਜਾਂ ਦੇ ਲੋਕਾਂ ਨੇ ਅਗਲੇ ਪੰਜ ਵਰ੍ਹਿਆਂ ਲਈ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।
ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਅਸਾਮ ਤੇ ਕੇਰਲਾ ਦੇ ਨਤੀਜੇ ਪਾਰਟੀ ਦੀ ਉਮੀਦ ਮੁਤਾਬਕ ਨਹੀਂ ਹਨ। ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਵਰਕਰਾਂ ਤੇ ਆਗੂਆਂ ਨੇ ਜ਼ਮੀਨੀ ਪੱਧਰ ’ਤੇ ਪੂਰਾ ਜ਼ੋਰ ਲਾਇਆ ਹੈ ਤੇ ਅੱਗੇ ਵੀ ਲੋਕਾਂ ਦੀ ਸੇਵਾ ਵਿਚ ਲੱਗੇ ਰਹਿਣਗੇ। -ਪੀਟੀਆਈ
ਲੋਕ ਫ਼ਤਵਾ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ: ਰਾਹੁਲ
ਪੰਜ ਰਾਜਾਂ ਵਿਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਲੋਕਾਂ ਦਾ ਫ਼ਤਵਾ ਸਵੀਕਾਰ ਕਰਦੇ ਹਨ ਤੇ ਪਾਰਟੀ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਲਈ ਲੜਦੇ ਰਹਿਣਗੇ। ਉਨ੍ਹਾਂ ਪਾਰਟੀ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ।