ਸ੍ਰੀਨਗਰ, 6 ਅਗਸਤ
ਇਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਅੱਜ ਕੋਵਿਡ-19 ਮਹਾਮਾਰੀ ਫੈਲਣ ਮਗਰੋਂ 16 ਮਹੀਨਿਆਂ ਦੇ ਵਕਫ਼ੇ ਦੌਰਾਨ ਸਮੂਹਿਕ ਨਮਾਜ਼ ਅਦਾ ਕੀਤੀ ਗਈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਅਥਾਰਿਟੀਆਂ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਦੌਰਾਨ ਨਮਾਜ਼ੀ 16ਵੀਂ ਸਦੀ ਦੀ ਮਸਜਿਦ ਵਿੱਚ ਪਹੁੰਚੇ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਲਾਕੇ ਵਿੱਚ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਕਿਉਂਕਿ ਨੌਹੱਟਾ ਸਥਿਤ ਮਸਜਿਦ ਦੇ ਬਾਹਰ ਆਈਈਡੀ ਧਮਾਕੇ ਦੇ ਇਕ ਸਾਲ ਬਾਅਦ ਇਥੇ ਸਮੂਹਿਕ ਨਮਾਜ਼ ਅਦਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਸਜਿਦ ਵਿੱਚ ਕੁਝ ਦਰਜਨ ਔਰਤਾਂ ਨੇ ਤੈਅ ਕੀਤੀ ਥਾਂ ’ਤੇ ਨਮਾਜ਼ ਅਦਾ ਕੀਤੀ। ਜ਼ਿਕਰਯੋਗ ਹੈ ਕਿ ਇਤਿਹਾਸਕ ਮਸਜਿਦਾਂ ਦਾ ਪ੍ਰਬੰਧਨ ਦੇਖਣ ਵਾਲੇ ਅੰਜੁਮਨ ਔਕਾਫ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜੰਮੂ-ਕਸ਼ਮੀਰ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਘੱਟ ਹੋਣ ਮਗਰੋਂ ਇਸ ਹਫ਼ਤੇ ਦੇ ਸ਼ੁੱਕਰਵਾਰ ਨੂੰ ਕੇਂਦਰੀ ਮਸਜਿਦਾਂ, ਖਾਨਗਾਹਾਂ ਤੇ ਇਮਾਮਬਾੜਿਆਂ ਵਿੱਚ ਨਮਾਜ਼ ਅਦਾ ਕੀਤੀ ਜਾਵੇਗੀ। ਲੋਕਾਂ ਨੇ ਨਮਾਜ਼ ਪੜ੍ਹਨ ਸਮੇਂ ਕਰੋਨਾ ਨਿਯਮਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ। -ਪੀਟੀਆਈ