ਨਵੀਂ ਦਿੱਲੀ, 1 ਅਪਰੈਲ
ਦਿੱਲੀ ਹਾਈ ਕੋਰਟ ਨੇ ਰਮਜ਼ਾਨ ਮਹੀਨੇ ਦੇ ਮੱਦੇਨਜ਼ਰ ਨਿਜ਼ਾਮੂਦੀਨ ਮਰਕਜ਼ ਦੇ ਕੁਝ ਹਿੱਸਿਆਂ ਨੂੰ ਮੁੜ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦਈਏ ਕਿ ਮਾਰਚ 2020 ਵਿੱਚ ਕੋਵਿਡ-19 ਮਹਾਮਾਰੀ ਦਰਮਿਆਨ ਇਸੇ ਮਰਕਜ਼ ਵਿੱਚ ਤਬਲਿਗੀ ਜਮਾਤ ਦਾ ਇਕੱਠ ਹੋਇਆ ਸੀ। ਉਦੋਂ ਇਕੱਠ ਵਿੱਚ ਸ਼ਾਮਲ ਵੱਡੀ ਗਿਣਤੀ ਲੋਕਾਂ ਦੇ ਕਰੋਨਾ ਪਾਜ਼ੇਟਿਵ ਨਿਕਲਣ ਮਗਰੋਂ ਮਰਕਜ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਈ ਕੋਰਟ ਦੇ ਇਸ ਫੈਸਲੇ ਨਾਲ ਸ਼ਰਧਾਲੂ ਹੁਣ ਰਮਜ਼ਾਨ ਮਹੀਨੇ ਨਮਾਜ਼ ਅਦਾ ਕਰ ਸਕਣਗੇ। ਜਸਟਿਸ ਜਸਮੀਤ ਸਿੰਘ ਨੇ ਦਿੱਲੀ ਵਕਫ਼ ਬੋਰਡ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਲਾਂਕਿ ਸਾਫ਼ ਕਰ ਦਿੱਤਾ ਕਿ ਮਰਕਜ਼ ਵਿੱਚ ‘ਤਬਲਿਗੀ ਸਰਗਰਮੀਆਂ’ ਤੇ ਤਕਰੀਰਾਂ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਸਿਰਫ਼ ਨਮਾਜ਼/ਪ੍ਰਾਰਥਨਾ ਅਦਾ ਕਰਨ ਦੀ ਖੁੱਲ੍ਹ ਰਹੇਗੀ। -ਪੀਟੀਆਈ