ਨਵੀਂ ਦਿੱਲੀ, 26 ਦਸੰਬਰ
ਓਮੀਕਰੋਨ ਦੇ ਲਗਾਤਾਰ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਨਵੇਂ ਸਰੂਪ ਖ਼ਿਲਾਫ਼ ਲੜਾਈ ਵਿਚ ਨਿੱਜੀ ਸਾਵਧਾਨੀ ਅਤੇ ਅਨੁਸ਼ਾਸਨ ਦੇਸ਼ ਦੀ ਵੱਡੀ ਤਾਕਤ ਹਨ। ਮੋਦੀ ਨੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਵਿਚ ਕਿਹਾ ਕਿ ਭਾਰਤ ਨੇ ਆਪਣੀ ਟੀਕਾਕਰਨ ਮੁਹਿੰਮ ਵਿਚ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ ਪਰ ਵਾਇਰਸ ਦੇ ਨਵੇਂ ਸਰੂਪ ਕਰ ਕੇ ਸਾਵਧਾਨ ਰਹਿਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਵਿਗਿਆਨੀ ਇਸ ਨਵੇਂ ਓਮੀਕਰੋਨ ਸਰੂਪ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੂੰ ਹਰ ਰੋਜ਼ ਨਵੇਂ ਅੰਕੜੇ ਮਿਲ ਰਹੇ ਹਨ ਅਤੇ ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਕਦਮ ਉਠਾਏ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਨਵੇਂ ਸਰੂਪ ਖ਼ਿਲਾਫ਼ ਲੜਾਈ ਵਿਚ ਨਿੱਜੀ ਸਾਵਧਾਨੀ ਅਤੇ ਅਨੁਸ਼ਾਸਨ ਦੇਸ਼ ਦੀ ਵੱਡੀ ਤਾਕਤ ਹਨ। ਉਨ੍ਹਾਂ ਕਿਹਾ, ‘‘ਸਾਡੀ ਸਮੂਹਿਕ ਤਾਕਤ ਕਰੋਨਾਵਾਇਰਸ ਨੂੰ ਹਰਾਏਗੀ। ਸਾਨੂੰ ਜ਼ਿੰਮੇਵਾਰੀ ਦੀ ਇਸ ਭਾਵਨਾ ਦੇ ਨਾਲ 2022 ਵਿਚ ਦਾਖ਼ਲ ਹੋਣਾ ਹੈ।’’
ਮੋਦੀ ਨੇ ਅੱਜ ‘ਮਨ ਕੀ ਬਾਤ’ ਵਿਚ ਗਰੁੱਪ ਕੈਪਟਨ ਵਰੁਣ ਸਿੰਘ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਦੀ ਤਾਮਿਲਨਾਡੂ ਦੇ ਕੁੰਨੂਰ ਨੇੜੇ ਹੋਏ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਬੰਗਲੌਰ ਦੇ ਇਕ ਫ਼ੌਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਦੇ 11 ਅਧਿਕਾਰੀਆਂ ਤੇ ਜਵਾਨਾਂ ਵੀ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਗਰੁੱਪ ਕੈਪਟਨ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਤੋਂ ਕੁਝ ਹਫ਼ਤੇ ਬਾਅਦ ਉਨ੍ਹਾਂ ਵੱਲੋਂ ਆਪਣੇ ਸਕੂਲ ਨੂੰ ਲਿਖੇ ਪ੍ਰੇਰਣਾਦਾਇਕ ਪੱਤਰ ਦਾ ਵੀ ਜ਼ਿਕਰ ਕੀਤਾ। -ਪੀਟੀਆਈ