ਨਵੀਂ ਦਿੱਲੀ, 4 ਅਕਤੂਬਰ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਿਆਸੀ ਪਾਰਟੀਆਂ ਦੀ ਫੰਡਿੰਗ ਅਤੇ ਉਨ੍ਹਾਂ ਦੇ ਖ਼ਾਤਿਆਂ ’ਚ ਪਾਰਦਰਸ਼ਤਾ ਦੀ ਕਥਿਤ ਘਾਟ ਨਾਲ ਸਬੰਧਤ ਮਾਮਲਾ ਬਕਾਇਆ ਪਏ ਰਹਿਣ ਦੌਰਾਨ ਚੁਣਾਵੀ ਬਾਂਡ ਦੀ ਅੱਗੇ ਹੋਰ ਵਿਕਰੀ ਦੀ ਮਨਜ਼ੂਰੀ ਨਾ ਦੇਣ ਸਬੰਧੀ ਐੱਨਜੀਓ ਦੀ ਅਰਜ਼ੀ ’ਤੇ 8 ਅਕਤੂਬਰ ਨੂੰ ਸੁਣਵਾਈ ਨਹੀਂ ਕਰ ਸਕੇਗਾ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੂੰ ਬੇਨਤੀ ਕੀਤੀ ਸੀ ਕਿ ਐੱਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਦੀ ਜਨਹਿੱਤ ਪਟੀਸ਼ਨ ਨੂੰ 8 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ ਕੇਸਾਂ ਦੀ ਸੂਚੀ ’ਚੋਂ ਨਾ ਹਟਾਇਆ ਜਾਵੇ। ਉਨ੍ਹਾਂ ਦੀ ਬੇਨਤੀ ’ਤੇ ਬੈਂਚ ਨੇ ਕਿਹਾ,‘‘ਸ਼ੁੱਕਰਵਾਰ (8 ਅਕਤੂਬਰ) ਦਾ ਦਿਨ ਦਸਹਿਰੇ ਦੀਆਂ ਛੁੱਟੀਆਂ ਤੋਂ ਪਹਿਲਾਂ ਆਖਰੀ ਦਿਨ ਹੈ। ਅਸੀਂ ਸ਼ੁੱਕਰਵਾਰ ਨੂੰ ਇਸ ’ਤੇ ਸੁਣਵਾਈ ਨਹੀਂ ਕਰ ਸਕਾਂਗੇ।’’ ਐੱਨਜੀਓ ਨੇ ਇਸ ਸਾਲ ਮਾਰਚ ’ਚ ਇਕ ਆਰਜ਼ੀ ਅਰਜ਼ੀ ਦਾਖ਼ਲ ਕਰਕੇ ਕੇਂਦਰ ਅਤੇ ਹੋਰ ਧਿਰਾਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ ਕਿ ਸਿਆਸੀ ਪਾਰਟੀਆਂ ਦੀ ਫੰਡਿੰਗ ਅਤੇ ਉਨ੍ਹਾਂ ਦੇ ਖ਼ਾਤਿਆਂ ’ਚ ਪਾਰਦਰਸ਼ਤਾ ਦੀ ਕਥਿਤ ਘਾਟ ਨਾਲ ਸਬੰਧਤ ਇਕ ਮਾਮਲੇ ਦੇ ਬਕਾਇਆ ਪਏ ਹੋਣ ਦੌਰਾਨ ਚੁਣਾਵੀ ਬਾਂਡ ਦੀ ਅੱਗੇ ਹੋਰ ਵਿਕਰੀ ਦੀ ਇਜਾਜ਼ਤ ਨਾ ਦਿੱਤੀ ਜਾਵੇ। ਐੱਨਜੀਓ ਨੇ ਸਿਆਸੀ ਪਾਰਟੀ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਤੇ ਵਿਦੇਸ਼ਾਂ ਤੋਂ ਮਿਲਣ ਵਾਲੀ ਰਕਮ ਤੇ ਉਨ੍ਹਾਂ ਦੇ ਖ਼ਾਤਿਆਂ ’ਚ ਪਾਰਦਰਸ਼ਤਾ ਦੀ ਘਾਟ ਕਾਰਨ ਕਥਿਤ ਤੌਰ ’ਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਣ ਅਤੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ’ਤੇ 2017 ’ਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ।
ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਗੱਲ ਦਾ ਖ਼ਦਸ਼ਾ ਹੈ ਕਿ ਪੱਛਮੀ ਬੰਗਾਲ ਅਤੇ ਅਸਾਮ ਸਮੇਤ ਕੁਝ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੁਣਾਵੀ ਬਾਂਡ ਦੀ ਅੱਗੇ ਹੋਰ ਵਿਕਰੀ ਨਾਲ ਫਰਜ਼ੀ ਕੰਪਨੀਆਂ ਰਾਹੀਂ ਸਿਆਸੀ ਪਾਰਟੀਆਂ ਦੀ ਗੈਰਕਾਨੂੰਨੀ ਫੰਡਿੰਗ ਹੋਰ ਵਧੇਗੀ। ਉਸ ਨੇ ਦੋਸ਼ ਲਾਇਆ ਕਿ 2017-18 ਅਤੇ 2018-19 ਲਈ ਆਡਿਟ ਰਿਪੋਰਟ ’ਚ ਸਿਆਸੀ ਪਾਰਟੀਆਂ ਵੱਲੋਂ ਐਲਾਨੇ ਚੁਣਾਵੀ ਬਾਂਡਜ਼ ਦੇ ਅੰਕੜਿਆਂ ਮੁਤਾਬਕ ਹੁਕਮਰਾਨ ਪਾਰਟੀ ਨੂੰ ਅਜੇ ਤੱਕ ਜਾਰੀ ਕੁੱਲ ਚੁਣਾਵੀ ਬਾਂਡ ਦੇ 60 ਫ਼ੀਸਦ ਤੋਂ ਵੱਧ ਬਾਂਡ ਹਾਸਲ ਹੋਏ ਸਨ। -ਪੀਟੀਆਈ