ਨਵੀਂ ਦਿੱਲੀ, 25 ਅਕਤੂਬਰ
ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਯੋਗ ਗੁਰੂ ਰਾਮਦੇਵ ਖ਼ਿਲਾਫ਼ ਪਾਈ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਅੱਜ ਮਨਜ਼ੂਰ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਵਿਚਾਰਨਯੋਗ ਮਾਮਲਾ ਹੈ ਅਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਡਾਕਟਰਾਂ ਨੇ ਆਪਣੀ ਪਟੀਸ਼ਨ ਵਿੱਚ ਰਾਮਦੇਵ ’ਤੇ ਕਰੋਨਾ ਮਹਾਮਾਰੀ ਦੌਰਾਨ ਐਲੋਪੈਥੀ ਬਾਰੇ ਗੁਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਾਇਆ ਸੀ। ਜਸਟਿਸ ਸੀ. ਹਰੀ ਸ਼ੰਕਰ ਨੇ ਕਿਹਾ ਕਿ ਪਹਿਲੀ ਨਜ਼ਰੇ ਪਟੀਸ਼ਨ ਵਿੱਚ ਲਾਏ ਦੋਸ਼ਾਂ ’ਤੇ ਵਿਚਾਰ ਕਰਨ ਦੀ ਲੋੜ ਹੈ। ਦੋਸ਼ ਸਹੀ ਵੀ ਹੋ ਸਕਦੇ ਹਨ ਜਾਂ ਗ਼ਲਤ ਵੀ। ਇਸ ਤੋਂ ਇਲਾਵਾ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਮਾਮਲੇ ਦੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ। ਅਦਾਲਤ ਨੇ ਰਾਮਦੇਵ ਦੇ ਵਕੀਲ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਰੈਜ਼ੀਡੈਂਟ ਡਾਕਟਰਾਂ ਦੀਆਂ ਤਿੰਨ ਐਸੋਸੀਏਸ਼ਨਾਂ ਨੇ ਦੋਸ਼ ਲਾਇਆ ਕਿ ਰਾਮਦੇਵ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਕਈ ਲੋਕਾਂ ਦੀਆਂ ਮੌਤਾਂ ਐਲੋਪੈਥੀ ਦਵਾਈਆਂ ਕਾਰਨ ਹੋਈਆਂ ਹਨ। ਐਸੋਸੀਏਸ਼ਨਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਖਿਲ ਸਿੱਬਲ ਨੇ ਕਿਹਾ, ‘‘ਇਸ (ਰਾਮਦੇਵ) ਕੋਲ ਕੋਈ ਡਿਗਰੀ ਨਹੀਂ ਹੈ। ਮਹਾਮਾਰੀ ਦੌਰਾਨ ਉਹ ਮੈਡੀਕਲ ਖੇਤਰ ਵਿੱਚ ਲਗਾਤਾਰ ਸਲਾਹ ਦੇ ਕੇ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਇਸ ਦਾ ਲਗਾਤਾਰ ਬਚਾਅ ਕਰ ਰਿਹਾ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਯੋਗ ਏਡਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। ਤੁਸੀਂ ਅਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ।’’ -ਪੀਟੀਆਈ