ਨਵੀਂ ਦਿੱਲੀ, 2 ਫਰਵਰੀ
ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕਰ ਕੇ ਤਾਮਿਲਨਾਡੂ ਦੇ ਤੰਜਾਵੁਰ ਵਿਚ ਕਥਿਤ ਤੌਰ ’ਤੇ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤੀ ਗਈ 17 ਸਾਲਾ ਲੜਕੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਅਸਲ ਕਾਰਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਇਹ ਜਨਹਿੱਤ ਪਟੀਸ਼ਨ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕੇਂਦਰ ਤੇ ਸੂਬਿਆਂ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਗਈ ਹੈ ਕਿ ਧੋਖਾਧੜੀ ਨਾਲ ਧਰਮ ਤਬਦੀਲੀ ਕਰਵਾਉਣ ਦੇ ਅਮਲ ਨੂੰ ਰੋਕਣ ਲਈ ‘‘ਡਰਾਉਣ, ਧਮਕਾਉਣ ਅਤੇ ਤੋਹਫਿਆਂ ਤੇ ਵਿੱਤੀ ਫਾਇਦਿਆਂ ਰਾਹੀਂ ਲਾਲਚ ਦੇਣ’’ ਵਿਰੁੱਧ ਸਖ਼ਤ ਕਦਮ ਉਠਾਏ ਜਾਣ। ਵਕੀਲ ਅਸ਼ਵਨੀ ਕੁਮਾਰ ਦੂਬੇ ਰਾਹੀਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕਿਹਾ ਗਿਆ, ‘‘ਨਾਗਰਿਕਾਂ ’ਤੇ ਹੋਈ ਚੋਟ ਬਹੁਤ ਵੱਡੀ ਹੈ ਕਿਉਂਕਿ ਇਕ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ‘ਜ਼ੋਰ-ਜ਼ਬਰਦਸਤੀ ਅਤੇ ਡਰਾ ਕੇ ਜਾਂ ਲਾਲਚ ਦੇ ਕੇ ਧਰਮ ਤਬਦੀਲੀ ਨਾ ਕਰਵਾਈ ਜਾਂਦੀ ਹੋਵੇ।’’ ਪਟੀਸ਼ਨ ਵਿਚ ਕਿਹਾ ਗਿਆ, ‘‘ਸਾਰੇ ਦੇਸ਼ ਵਿਚ ਹਰ ਹਫ਼ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿੱਥੇ ਧਰਮ ਤਬਦੀਲੀ ਡਰਾ ਕੇ, ਧਮਕਾ ਕੇ, ਤੋਹਫਿਆਂ ਤੇ ਵਿੱਤੀ ਲਾਲਚ ਦੇ ਕੇ ਅਤੇ ਕਾਲਾ ਜਾਦੂ, ਅੰਧਵਿਸ਼ਵਾਸ ਤੇ ਚਮਤਕਾਰਾਂ ਦਾ ਇਸਤੇਮਾਲ ਕਰ ਕੇ ਕਰਵਾਈ ਜਾਂਦੀ ਹੈ ਪਰ ਕੇਂਦਰ ਤੇ ਸੂਬਿਆਂ ਨੇ ਇਸ ਖਤਰੇ ਨੂੰ ਰੋਕਣ ਲਈ ਸਖ਼ਤ ਕਦਮ ਨਹੀਂ ਉਠਾਏ ਹਨ।’’ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਧਰਮ ਤਬਦੀਲ ਦੇਸ਼ਿਵਆਪੀ ਸਮੱਸਿਆ ਹੈ ਅਤੇ ਕੇਂਦਰ ਨੂੰ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨਾ ਚਾਹੀਦਾ ਹੈ। -ਪੀਟੀਆਈ