ਨਵੀਂ ਦਿੱਲੀ: ਕੁਰਾਨ ਵਿਚੋਂ 26 ਆਇਤਾਂ ਹਟਾਉਣ ਬਾਰੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਸ਼ੀਆ ਕੇਂਦਰੀ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਅਤਿਵਾਦ ਨੂੰ ਹੁਲਾਰਾ ਮਿਲਣ ਦਾ ਹਵਾਲਾ ਦੇ ਕੇ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਨ ਦੇ ਨਾਲ ਹੀ ਰਿਜ਼ਵੀ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਵਸੀਮ ਰਿਜ਼ਵੀ ਨੇ 26 ਆਇਤਾਂ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਕੱਟੜਤਾ ਤੇ ਅਤਿਵਾਦ ਲਈ ਪ੍ਰੇਰਿਤ ਕਰਦੀਆਂ ਹਨ। ਰਿਜ਼ਵੀ ਦਾ ਕਹਿਣਾ ਸੀ ਕਿ ਇਹ ਆਇਤਾਂ ਬਾਅਦ ਵਿਚ ਕੁਰਾਨ ’ਚ ਜੋੜੀਆਂ ਗਈਆਂ ਹਨ। ਰਿਜ਼ਵੀ ਦੇ ਇਸ ਕਦਮ ਤੋਂ ਬਾਅਦ ਮੁਸਲਿਮ ਸਮਾਜ ਵਿਚ ਉਨ੍ਹਾਂ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ। ਵਸੀਮ ਰਿਜ਼ਵੀ ਖ਼ਿਲਾਫ਼ ਪਿਛਲੇ ਮਹੀਨੇ ਬਰੇਲੀ ਵਿਚ ਇਕ ਐਫਆਈਆਰ ਵੀ ਦਰਜ ਕਰਵਾਈ ਗਈ ਸੀ। ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਸੀ ਕਿ ਪਟੀਸ਼ਨ ਰਾਹੀਂ ਉਹ ਮੁਸਲਿਮ ਸਮਾਜ ਦੀਆਂ ਭਾਵਨਾਵਾਂ ਭੜਕਾ ਰਹੇ ਹਨ। -ਪੀਟੀਆਈ