ਨਵੀਂ ਦਿੱਲੀ, 27 ਅਕਤੂਬਰ
ਰਸੋਈ ਗੈਸ (ਐਲਪੀਜੀ) ਦੀ ਕੀਮਤ ਅਗਲੇ ਹਫ਼ਤੇ 100 ਰੁਪਏ ਪ੍ਰਤੀ ਸਿਲੰਡਰ ਵੱਧ ਸਕਦੀ ਹੈ। ਸੂੁਤਰਾਂ ਮੁਤਾਬਕ ਕੀਮਤਾਂ ਵਿਚ ਵਾਧਾ ਸਰਕਾਰ ਦੀ ਮਨਜ਼ੂਰੀ ਉਤੇ ਨਿਰਭਰ ਹੈ। ਜੇ ਇਜਾਜ਼ਤ ਮਿਲਦੀ ਹੈ ਤਾਂ ਰਸੋਈ ਗੈਸ ਦੀਆਂ ਕੀਮਤਾਂ ਵਿਚ ਇਹ ਪੰਜਵਾਂ ਵਾਧਾ ਹੋਵੇਗਾ। ਇਸ ਤਹਿਤ ਸਬਸਿਡੀ ਵਾਲੀ ਘਰੇਲੂ ਗੈਸ, ਹੀਟਿੰਗ ਦੇ ਮੰਤਵ ਲਈ ਵਰਤੀ ਜਾਣ ਵਾਲੀ ਗੈਸ, ਬਿਨਾਂ ਸਬਸਿਡੀ ਵਾਲੀ ਗੈਸ ਤੇ ਉਦਯੋਗਿਕ ਮੰਤਵਾਂ ਲਈ ਵਰਤੀ ਜਾਣ ਵਾਲੀ ਗੈਸ ਮਹਿੰਗੀ ਹੋ ਜਾਵੇਗੀ। ਇਸੇ ਦੌਰਾਨ ਦੋ ਦਿਨ ਦੇ ਵਕਫ਼ੇ ਮਗਰੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ 35-35 ਪੈਸੇ ਹੋਰ ਵਧ ਗਈ ਹੈ। ਪੈਟਰੋਲ ਹੁਣ ਦਿੱਲੀ ਵਿਚ 107.94 ਰੁਪਏ ਪ੍ਰਤੀ ਲਿਟਰ ਤੇ ਮੁੰਬਈ ਵਿਚ 113.80 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਜਦਕਿ ਡੀਜ਼ਲ ਦਿੱਲੀ ਵਿਚ 96.67 ਰੁਪਏ ਤੇ ਮੁੰਬਈ ਵਿਚ 104.75 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਜ਼ਿਆਦਾਤਰ ਵੱਡੇ ਸ਼ਹਿਰਾਂ ਵਿਚ ਪੈਟਰੋਲ 100 ਤੋਂ ਪਾਰ ਪਹਿਲਾਂ ਹੀ ਹੋ ਚੁੱਕਾ ਹੈ। ਐਲਪੀਜੀ ਦੇ ਭਾਅ ਇਸ ਤੋਂ ਪਹਿਲਾਂ ਛੇ ਅਕਤੂਬਰ ਨੂੰ 15 ਰੁਪਏ ਪ੍ਰਤੀ ਸਿਲੰਡਰ ਵਧਾਏ ਗਏ ਸਨ। ਜੁਲਾਈ ਤੋਂ ਹੁਣ ਤੱਕ ਕੀਮਤਾਂ ਵਿਚ ਕੁੱਲ 90 ਰੁਪਏ ਦਾ ਵਾਧਾ ਹੋ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤੇਲ ਦੀ ਵਿਕਰੀ ਕਰਨ ਵਾਲੀਆਂ ਸਰਕਾਰੀ ਕੰਪਨੀਆਂ ਨੂੰ ਪ੍ਰਚੂਨ ਵਿਕਰੀ ਕੀਮਤ ਨੂੰ ਕੁੱਲ ਖ਼ਰਚ ਦੇ ਨਾਲ ਮੇਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਨਾ ਹੀ ਇਸ ਖੱਪੇ ਨੂੰ ਪੂਰਨ ਲਈ ਕੋਈ ਸਰਕਾਰੀ ਸਬਸਿਡੀ ਦਿੱਤੀ ਗਈ ਹੈ।