ਪੁਣੇ, 25 ਸਤੰਬਰ
ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਲੱਗੇ ਕਥਿਤ ਪਾਕਿਸਤਾਨ ਪੱਖੀ ਨਾਅਰਿਆਂ ਦੇ ਕੇਸ ਵਿਚ ਪੁਣੇ ਪੁਲੀਸ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ।
ਪੁਲੀਸ ਨੇ ਕਰੀਬ 60-70 ਸ਼ੱਕੀ ਪੀਐਫਆਈ ਕਾਰਕੁਨਾਂ ’ਤੇ ਕੇਸ ਦਰਜ ਕੀਤਾ ਸੀ। ਇਹ ਰੋਸ ਮੁਜ਼ਾਹਰਾ ਸ਼ੁੱਕਰਵਾਰ ਕੁਲੈਕਟਰ ਦਫ਼ਤਰ ਅੱਗੇ ਕੀਤਾ ਗਿਆ ਸੀ। ਜਦਕਿ ਪੁਲੀਸ ਨੇ ਲੋਕਾਂ ਦੇ ਇਕੱਠ ’ਤੇ ਪਾਬੰਦੀ ਲਾਈ ਹੋਈ ਸੀ। ਪੁਲੀਸ ਨੇ ਹੁਣ ਇਸ ਮਾਮਲੇ ਵਿਚ ਧਾਰਾ 124ਏ, 153 ਏ ਤੇ ਬੀ ਜੋੜੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮਈ ਵਿਚ ਬਸਤੀਵਾਦੀ ਯੁੱਗ ਦੇ ਦੇਸ਼ਧ੍ਰੋਹ ਕਾਨੂੰਨ ਉਤੇ ਰੋਕ ਲਾ ਦਿੱਤੀ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਜਦ ਤੱਕ ਕੋਈ ਢੁੱਕਵੀਂ ਫੋਰਮ ਕਾਨੂੰਨ ਦੀ ਮੁੜ ਸਮੀਖਿਆ ਨਹੀਂ ਕਰਦੀ, ਇਸ ਉਤੇ ਰੋਕ ਰਹੇਗੀ। ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਇਸ ਤਹਿਤ ਕੋਈ ਨਵੀਂ ਐਫਆਈਆਰ ਦਰਜ ਨਾ ਕਰਨ। ਪੀਐਫਆਈ ਨੇ ਇਹ ਰੋਸ ਮੁਜ਼ਾਹਰੇ ਜਥੇਬੰਦੀ ਉਤੇ ਮਾਰੇ ਗਏ ਛਾਪਿਆਂ ਖ਼ਿਲਾਫ਼ ਕੀਤੇ ਹਨ।
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਪੁਣੇ ਪੁਲੀਸ ਨੂੰ ਦੇਸ਼ਧ੍ਰੋਹ ਦੀਆਂ ਧਾਰਾਵਾਂ ਜੋੜਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀ ਨਾਅਰੇਬਾਜ਼ੀ ਕਦੇ ਬਰਦਾਸ਼ਤ ਨਹੀਂ ਕਰੇਗੀ। -ਪੀਟੀਆਈ