ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਕੋਵਿਡ-19 ਤੋਂ ਬਚਾਅ ਦੇ ਟੀਕੇ ਬਣਾਉਣ ਵਾਲੀਆਂ ਅਮਰੀਕੀ ਕੰਪਨੀਆਂ ਫਾਈਜ਼ਰ ਅਤੇ ਮੌਡਰਨਾ ਨੇ ਦਿੱਲੀ ਸਰਕਾਰ ਨੂੰ ਸਿੱਧੇ ਵੈਕਸੀਨ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਕੰਪਨੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਹੀ ਵੈਕਸੀਨ ਦਾ ਸੌਦਾ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੌਡਰਨਾ ਨੇ ਕਰੋਨਾ ਤੋਂ ਬਚਾਅ ਦਾ ਟੀਕਾ ਪੰਜਾਬ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਮੌਡਰਨਾ ਨੇ ਕਿਹਾ ਸੀ ਕਿ ਉਹ ਰਾਜ ਸਰਕਾਰਾਂ ਜਾਂ ਨਿੱਜੀ ਪਾਰਟੀਆਂ ਨਾਲ ਟੀਕੇ ਦਾ ਸੌਦਾ ਨਹੀਂ ਕਰਨਗੇ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਫਾਈਜ਼ਰ ਅਤੇ ਮੌਡਰਨਾ ਨਾਲ ਉਨ੍ਹਾਂ ਗੱਲ ਕੀਤੀ ਸੀ ਪਰ ਦੋਵੇਂ ਕੰਪਨੀਆਂ ਨੇ ਦਿੱਲੀ ਸਰਕਾਰ ਨੂੰ ਟੀਕੇ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਿਆਂ ਦੀ ਦਰਾਮਦ ਵਧਾ ਕੇ ਰਾਜਾਂ ਨੂੰ ਵੰਡੇ ਤਾਂ ਜੋ ਤੇਜ਼ੀ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹੀ ਨੁਕਤਾ ਉਠਾਇਆ ਸੀ ਕਿ ਰਾਜ ਸਰਕਾਰਾਂ ਜਦੋਂ ਸਿੱਧੇ ਤੌਰ ’ਤੇ ਟੀਕਾ ਵਿਦੇਸ਼ਾਂ ਤੋਂ ਖਰੀਦਣ ਦੀ ਗੱਲ ਕਰਨਗੀਆਂ ਤਾਂ ਇਸ ਨਾਲ ਦੇਸ਼ ਦੀ ਦਿਖ ਪ੍ਰਭਾਵਿਤ ਹੋਵੇਗੀ। ਟੀਕੇ ਦੀ ਕਮੀ ਕਾਰਨ ਦਿੱਲੀ ਸਮੇਤ ਹੋਰ ਰਾਜਾਂ ਨੂੰ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਰੋਕਣੀ ਪਈ ਹੈ।