ਨਵੀਂ ਦਿੱਲੀ: ਫਿਲੀਪੀਨਜ਼ ਦੇ ਰੱਖਿਆ ਮੰਤਰਾਲੇ ਨੇ ਭਾਰਤ ਤੋਂ ਬ੍ਰਹਮੋਸ ਮਿਜ਼ਾਈਲਾਂ ਖ਼ਰੀਦਣ ਲਈ 374 ਮਿਲੀਅਨ ਅਮਰੀਕੀ ਡਾਲਰ ਦਾ ਸੌਦਾ ਕੀਤਾ ਹੈ। ਭਾਰਤ ਨੂੰ ਇਨ੍ਹਾਂ ਮਿਜ਼ਾਈਲਾਂ ਲਈ ਇਹ ਪਹਿਲਾ ਆਰਡਰ ਮਿਲਿਆ ਹੈ। ‘ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ’ (ਬੀਏਪੀਐਲ) ਇਹ ਮਿਜ਼ਾਈਲਾਂ ਸਪਲਾਈ ਕਰੇਗਾ ਪਰ ਗਿਣਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਬੀਏਪੀਐਲ ਭਾਰਤ ਤੇ ਰੂਸ ਦਾ ਸਾਂਝਾ ਉੱਦਮ ਹੈ ਜੋ ਕਿ ਸੁਪਰਸੌਨਿਕ ਕਰੂਜ਼ ਮਿਜ਼ਾਈਲਾਂ ਦਾ ਨਿਰਮਾਣ ਕਰਦਾ ਹੈ। ਇਨ੍ਹਾਂ ਮਿਜ਼ਾਈਲਾਂ ਨੂੰ ਪਣਡੁੱਬੀਆਂ, ਸਮੁੰਦਰੀ ਜਹਾਜ਼ਾਂ, ਹਵਾਈ ਜਹਾਜ਼ਾਂ ਜਾਂ ਜ਼ਮੀਨ ਤੋਂ ਦਾਗਿਆ ਜਾ ਸਕਦਾ ਹੈ। ਭਾਰਤ ਨੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਇਨ੍ਹਾਂ ਮਿਜ਼ਾਈਲਾਂ ਨੂੰ ਰਣਨੀਤਕ ਤੌਰ ਉਤੇ ਸੰਵੇਦਨਸ਼ੀਲ ਖੇਤਰਾਂ ਵਿਚ ਤਾਇਨਾਤ ਕੀਤਾ ਹੋਇਆ ਹੈ। -ਪੀਟੀਆਈ