ਮੁੰਬਈ: ਆਰਬੀਆਈ ਨੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ (ਪਾਕਿਸਤਾਨ) ਜਾਣ ਵਾਲੇ ਭਾਰਤੀਆਂ ਤੇ ਓਸੀਆਈ ਕਾਰਡਧਾਰਕਾਂ ਨੂੰ ਆਪਣੇ ਨਾਲ 11 ਹਜ਼ਾਰ ਰੁਪਏ ਤੱਕ ਨਗ਼ਦੀ ਲਿਜਾਣ ਦੀ ਇਜਾਜ਼ਤ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਕ ਬਿਆਨ ਜਾਰੀ ਕਰ ਕੇ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਲਈ ਕਰੰਸੀ ਦੀ ਸੀਮਾ ਘਟਾਈ ਹੈ। ਕਰਤਾਰਪੁਰ ਲਾਂਘੇ ਰਾਹੀਂ ਜਾਣ ਵੇਲੇ ਸ਼ਰਧਾਲੂ 11 ਹਜ਼ਾਰ ਰੁਪਏ ਜਾਂ ਐਨੀ ਹੀ ਰਾਸ਼ੀ ਅਮਰੀਕੀ ਡਾਲਰਾਂ ਵਿਚ ਲਿਜਾ ਸਕਣਗੇ ਜਦਕਿ ਇਹ ਹੋਰਨਾਂ ਮੁਲਕਾਂ ਲਈ ਮਿੱਥੀ ਗਈ ਆਮ ਸੀਮਾ 25,000 ਰੁਪਏ ਨਾਲੋਂ ਘੱਟ ਹੈ। ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ, 2015 ਮੁਤਾਬਕ ਕੋਈ ਵੀ ਭਾਰਤ ਵਾਸੀ ਨੇਪਾਲ ਤੇ ਭੂਟਾਨ ਨੂੰ ਛੱਡ ਕੇ ਆਪਣੇ ਨਾਲ 25 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਾਹਰ ਕਿਸੇ ਮੁਲਕ ਲਿਜਾ ਸਕਦਾ ਹੈ। ਵਾਪਸੀ ਵੇਲੇ ਕਰੰਸੀ ਨਾਲ ਲਿਆਉਣ ਦੀ ਹੱਦ ਵੀ ਇਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਫ਼ੈਸਲਾ ਸਰਕਾਰ ਨਾਲ ਸਲਾਹ ਕਰਨ ਤੋਂ ਬਾਅਦ ਲਿਆ ਹੈ। -ਪੀਟੀਆਈ