ਸ੍ਰੀਨਗਰ, 20 ਜੁਲਾਈ
ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੱਲੋਂ ਕੀਤੀ ਗਈ ਟਿੱਪਣੀ ’ਤੇ ਰੋਹ ਭਰਿਆ ਪ੍ਰਤੀਕਰਮ ਦਿੱਤਾ ਹੈ। ਸਚਿਨ ਪਾਇਲਟ ਦੀ ‘ਬਗ਼ਾਵਤ’ ਨੂੰ ਉਨ੍ਹਾਂ ਦੀ ਰਿਹਾਈ ਨਾਲ ਜੋੜਨ ’ਤੇ ਊਮਰ ਨੇ ਬਘੇਲ ਖਿਲਾਫ਼ ਮਾਣਹਾਨੀ ਦਾ ਕੇਸ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਝੂਠੇ ਅਤੇ ਕਿਸੇ ਨੂੰ ਬਦਨਾਮ ਕਰਨ ਵਾਲੇ ਦੋਸ਼ ਹਨ। ਬਘੇਲ ਨੇ ਬਿਆਨ ’ਚ ਕਿਹਾ ਸੀ,‘‘ਉਮਰ ਅਬਦੁੱਲਾ ਅਤੇ ਮਹਬਿੂਬਾ ਮੁਫ਼ਤੀ ਇਕੋ ਜਿਹੀਆਂ ਧਾਰਾਵਾਂ ਤਹਿਤ ਬੰਦ ਸਨ ਪਰ ਉਮਰ ਨੂੰ ਇਕੱਲਿਆਂ ਕਿਉਂ ਛੱਡਿਆ ਗਿਆ ਕਿਉਂਕਿ ਸ੍ਰੀ ਅਬਦੁੱਲਾ, ਸਚਿਨ ਪਾਇਲਟ ਦੇ ਸਾਲੇ ਹਨ।’’ ਜ਼ਿਕਰਯੋਗ ਹੈ ਕਿ ਪਾਇਲਟ, ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਨਾਲ ਵਿਆਹੇ ਹੋਏ ਹਨ। -ਪੀਟੀਆਈ