ਔਰੰਗਾਬਾਦ, 14 ਜੂਨ
ਮਹਾਰਾਸ਼ਟਰ ਵਿੱਚ ਪਤਨੀਆਂ ਤੋਂ ਦੁਖੀ ਵਿਅਕਤੀਆਂ ਦੇ ਇਕ ਸਮੂਹ ਵੱਲੋਂ ਇੱਥੇ ਇਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਘਰ ਵਿੱਚ ਉਨ੍ਹਾਂ ਨਾਲ ਹੁੰਦੇ ਅਨਿਆਂ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਪਿੱਪਲ ਦੇ ਇਕ ਦਰੱਖਤ ਦੇ ਉਲਟੇ ਪਾਸੇ ਨੂੰ 108 ਚੱਕਰ ਕੱਟਦੇ ਹੋਏ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਮੁੜ ਅਜਿਹੀ ਜੀਵਨ ਸਾਥਣ ਨਾ ਮਿਲੇ।
ਆਪਣੀਆਂ ਪਤਨੀਆਂ ਤੋਂ ਨਾਖੁਸ਼ ਕੁਝ ਪੁਰਸ਼ਾਂ ਨੇ ਆਪਣੀਆਂ ਸ਼ਿਕਾਇਤਾਂ ਰੱਖਣ ਲਈ ਕੁਝ ਸਾਲ ਪਹਿਲਾਂ ਔਰੰਗਾਬਾਦ ਵਿੱਚ ‘ਪਤਨੀ ਪੀੜਤ’ ਆਸ਼ਰਮ ਬਣਾਇਆ ਸੀ। ਉਨ੍ਹਾਂ ਵੱਲੋਂ ਬੀਤੇ ਦਿਨ ਇੱਥੇ ਪ੍ਰਦਰਸ਼ਨ ਕੀਤਾ ਗਿਆ। ਆਸ਼ਰਮ ਦੇ ਸੰਸਥਾਪਕ ਭਾਰਤ ਫੁਲਾਰੇ ਨੇ ‘ਵਟ ਪੂਰਨਿਮਾ’ ਮੌਕੇ ਅੱਜ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਔਰਤਾਂ ਕੇਲੇ ਦੇ ਦਰੱਖਤ ਦੀ ਪੂਜਾ ਕਰਦੀਆਂ ਹਨ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਤੇ ਸੱਤ ਜਨਮਾਂ ਲਈ ਉਹੀ ਪਤੀ ਮਿਲਣ ਦੀ ਪ੍ਰਾਰਥਨਾ ਕਰਦੀਆਂ ਹਨ। ਉਨ੍ਹਾਂ ਕਿਹਾ, ‘‘ਇਸ ਵਾਸਤੇ, ਇਸ ਤੋਂ ਇਕ ਦਿਨ ਪਹਿਲਾਂ ਅਸੀਂ ਇੱਥੇ ਪਿੱਪਲ ਦੇ ਦਰੱਖਤ ਦੀ ਪੂਜਾ ਕਰਦੇ ਹੋਏ ਮੁੜ ਕਦੇ ਅਜਿਹੀ ਜੀਵਨ ਸਾਥਣ ਨਾ ਮਿਲਣ ਦੀ ਪ੍ਰਾਰਥਨਾ ਕੀਤੀ।’’
ਉਨ੍ਹਾਂ ਕਿਹਾ, ‘‘ਔਰਤਾਂ ਦੇ ਸ਼ਕਤੀਕਰਨ ਲਈ ਕਈ ਕਾਨੂੰਨ ਹਨ ਪਰ ਉਨ੍ਹਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।’’ ਫੁਲਾਰੇ ਨੇ ਕਿਹਾ, ‘‘ਹੁਣ ਪੁਰਸ਼ਾਂ ਲਈ ਵੀ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਉਹ ਵੀ ਉਨ੍ਹਾਂ ਨਾਲ ਹੋ ਰਹੇ ਅਨਿਆਂ ਖ਼ਿਲਾਫ਼ ਆਵਾਜ਼ ਉਠਾ ਸਕਣ। ਇਸ ਵਾਸਤੇ ਅਸੀਂ ਇਹ ਪ੍ਰਦਰਸ਼ਨ ਕੀਤਾ ਹੈ।’’ -ਪੀਟੀਆਈ