ਭੋਪਾਲ, 4 ਨਵੰਬਰ
ਮੱਧ ਪ੍ਰਦੇਸ਼ ਵਣ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਕੁਨੋ ਕੌਮੀ ਪਾਰਕ (ਕੇਐੱਨਪੀ) ਵਿੱਚ ਵੱਖ ਵੱਖ ਵਾੜਿਆਂ ਵਿੱਚ ਰਹਿ ਰਹੇ ਅੱਠ ਚੀਤਿਆਂ ਨੂੰ ਵੱਡੇ ਵਾੜੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਹ ਤੈਅ ਕਰਨ ਲਈ ਪਹਿਲਾਂ ਉਥੇ ਪ੍ਰਬੰਧਾਂ ਦੀ ਜਾਂਚ ਕੀਤੀ ਜਾਵੇਗੀ। ਚੀਤਿਆਂ ਨੂੰ ਭਾਰਤ ਵਿੱਚ ਵਸਾਉਣ ਦੀ ਯੋਜਨਾ ਤਹਿਤ ਨਾਮੀਬੀਆ ਤੋਂ 17 ਸਤੰਬਰ ਨੂੰ ਕੁਨੋ ਪਾਰਕ ਲਿਆਂਦਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਚੀਤਿਆਂ ਨੂੰ ਵਾੜਿਆਂ ਵਿੱਚ ਛੱਡਿਆ ਸੀ। ਇਨ੍ਹਾਂ ਦੇ ਇੱਥੇ ਪੰਜ ਨਵੰਬਰ ਨੂੰ 50 ਦਿਨ ਪੂਰੇ ਹੋ ਜਾਣਗੇ।
ਪ੍ਰਿੰਸੀਪਲ ਚੀਫ ਵਣ ਰੱਖਿਅਕ (ਵਣ-ਜੀਵ) ਜੇ ਐੱਸ ਚੌਹਾਨ ਨੇ ਅੱਜ ਦੱਸਿਆ, ”ਮੈਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੇਐੱਨਪੀ ਜਾ ਰਿਹਾ ਹਾਂ ਅਤੇ ਅੱਠ ਚੀਤਿਆਂ ਨੂੰ ਵੱਡੇ ਖੇਤਰ ਵਿੱਚ ਛੱਡਣ ਤੋਂ ਪਹਿਲਾਂ ਦੀ ਸਥਿਤੀ ਦੀ ਜਾਂਚ ਕੀਤੀ ਜਾਵੇਗੀ। ਅਗਲੇ ਕੁੱਝ ਦਿਨਾਂ ਵਿੱਚ ਇੱਕ ਜਾਂ ਦੋ ਚੀਤੇ ਜੋ ਪੂਰੀ ਤਰ੍ਹਾਂ ਸਹਿਜ ਹਨ, ਨੂੰ ਪੰਜ ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲੇ ‘ਵਾੜੇ’ ਵਿੱਚ ਤਬਦੀਲ ਕੀਤਾ ਜਾਵੇਗਾ।” ਚੀਤਾ ਆਸ਼ਾ ਦੇ ਗਰਭਵਤੀ ਹੋਣ ਦੀਆਂ ਕਿਆਸਰਾਈਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ, ”ਸਾਨੂੰ ਨਹੀਂ ਪਤਾ ਕਿ ਉਹ ਗਰਭਵਤੀ ਹੈ ਜਾਂ ਨਹੀਂ। ਸਾਰੇ ਚੀਤਿਆਂ ਨੂੰ ਪੜਾਅ ਵਾਰ ਤਬਦੀਲ ਕੀਤਾ ਜਾਵੇਗਾ।” ਕੇਐੱਨਪੀ ਦੇ ਡਿਵੀਜ਼ਨਲ ਫਾਰੈਸਟ ਅਧਿਕਾਰੀ ਪੀ ਕੇ ਵਰਮਾ ਨੇ ਕਿਹਾ ਕਿ ਆਸ਼ਾ ਵਿੱਚ ਗਰਭਵਤੀ ਸਬੰਧੀ ਕੋਈ ਤਬਦੀਲੀ ਨਜ਼ਰ ਆਈ। -ਪੀਟੀਆਈ