ਮੁੰਬਈ, 4 ਜੁਲਾਈ
ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਸੁਪਰਸਟਾਰ ਅਮਿਤਾਭ ਬੱਚਨ ਦੇ ਜੁਹੂ ’ਚ ਪੈਂਦੇ ਬੰਗਲੇ ‘ਪ੍ਰਤੀਕਸ਼ਾ’ ਨਾਲ ਲਗਦੀ ਸੜਕ ਨੂੰ ਚੌੜੀ ਕਰਨ ਲਈ ਇਲਾਕੇ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਹੈ। ਬੀਐੱਮਸੀ ਨੇ ਮਈ ’ਚ ਜ਼ਿਲ੍ਹਾ ਕੁਲੈਕਟਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸੰਤ ਦਿਆਨੇਸ਼ਵਰ ਮਾਰਗ ’ਤੇ ਸੜਕ ਚੌੜੀ ਕਰਨ ਲਈ ਇਲਾਕੇ ਨੂੰ ਮਾਪਿਆ ਜਾਵੇ। ਇਸੇ ਮਾਰਗ ’ਤੇ ਅਮਿਤਾਭ ਦਾ ਬੰਗਲਾ ਹੈ।
ਕਾਂਗਰਸ ਕਾਰਪੋਰੇਟਰ ਤੁਲਿਪ ਮਿਰਾਂਡਾ ਨੇ ਕਿਹਾ ਕਿ ਅਮਿਤਾਭ ਦੇ ਬੰਗਲੇ ਨਾਲ ਲਗਦੇ ਪਲਾਟ ਦੀ ਦੀਵਾਰ ਢਾਹ ਦਿੱਤੀ ਗਈ ਸੀ ਪਰ ਅਮਿਤਾਭ ਦੇ ਬੰਗਲੇ ਨੂੰ ਛੂਹਿਆ ਨਹੀਂ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਮਿਤਾਭ ਨੂੰ ਵੀਆਈਪੀ ਦਰਜਾ ਦੇਣ ਕਰਕੇ ਉਸ ਦੇ ਬੰਗਲੇ ਨੂੰ ਬਖ਼ਸ਼ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਮੰਤਰੀ ਅਦਿੱਤਿਆ ਠਾਕਰੇ ਵੱਲੋਂ ਵਾਰ ਵਾਰ ਸੜਕ ਚੌੜੀ ਕਰਨ ਦੇ ਕੰਮ ਨੂੰ ਤੇਜ਼ ਕਰਨ ਲਈ ਆਖਿਆ ਜਾ ਰਿਹਾ ਹੈ।
ਬੀਐੱਮਸੀ ਦੇ ਪੱਤਰ ’ਚ ਕਿਹਾ ਗਿਆ ਹੈ ਕਿ ਜੇਕਰ ਸੜਕ ਚੌੜੀ ਹੋ ਜਾਂਦੀ ਹੈ ਤਾਂ ਇਸ ਨਾਲ ਭੀੜ ਘਟੇਗੀ ਅਤੇ ਲੋਕਾਂ ਨੂੰ ਆਵਾਜਾਈ ’ਚ ਰਾਹਤ ਮਿਲੇਗੀ। -ਪੀਟੀਆਈ