ਨਵੀਂ ਦਿੱਲੀ, 20 ਅਗਸਤ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੁਨੀਆ ’ਚ ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਈ ਵੱਡੀ ਚੁਣੌਤੀ ਦਾ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਬਹੁਲਵਾਦ ਅਜਿਹੇ ਮੌਕਿਆਂ ’ਤੇ ਕੰਮ ਨਹੀਂ ਆਇਆ ਜਦੋਂ ਉਸ ਦੀ ਸਭ ਤੋਂ ਵਧੇਰੇ ਮੰਗ ਸੀ। ਆਸੀਆਨ-ਭਾਰਤ ਨੈੱਟਵਰਕ ਆਫ਼ ਥਿੰਕ ਟੈਂਕ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਹੁਣ ਪਹਿਲਾਂ ਵਾਂਗ ਨਹੀਂ ਰਹੇਗੀ ਅਤੇ ਮਹਾਮਾਰੀ ਦਾ ਅਸਰ ਸਾਡੀ ਸੋਚ ਤੋਂ ਵੀ ਅਗਾਂਹ ਦਾ ਹੋਵੇਗਾ। ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਮੌਜੂਦਾ ਅੰਦਾਜ਼ਿਆਂ ਮੁਤਾਬਕ ਕੁੱਲ ਨੁਕਸਾਨ 5800 ਤੋਂ 8800 ਅਰਬ ਡਾਲਰ ਜਾਂ ਆਲਮੀ ਜੀਡੀਪੀ ਦਾ ਕਰੀਬ 6.5 ਤੋਂ 9.7 ਫ਼ੀਸਦ ਵਿਚਕਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 1929 ਦੀ ਆਰਥਿਕ ਮਹਾ ਮੰਦੀ ਤੋਂ ਬਾਅਦ ਯਕੀਨੀ ਤੌਰ ’ਤੇ ਦੁਨੀਆ ਦੇ ਅਰਥਚਾਰੇ ’ਚ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।
-ਪੀਟੀਆਈ