ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਕਿਸਾਨ ਅੰਦੋਲਨ ਨੂੰ ਨਜਿੱਠਣ ’ਚ ਨਿਭਾਈ ਗਈ ਭੂਮਿਕਾ ਲਈ ਕੇਂਦਰ ਦੀ ਲਾਹ-ਪਾਹ ਮਗਰੋਂ ਕਾਂਗਰਸ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਦਿਆਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸੁਪਰੀਮ ਕੋਰਟ ਨੂੰ ਇਹ ਵੀ ਬੇਨਤੀ ਕੀਤੀ ਕਿ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਦਾ ਨੋਟਿਸ ਲੈਂਦਿਆਂ ਉਹ ਸ੍ਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀਆਂ ਮਨੋਹਰ ਲਾਲ ਖੱਟਰ ਤੇ ਯੋਗੀ ਅਦਿੱਤਿਆਨਾਥ ਖ਼ਿਲਾਫ਼ ਕੇਸ ਦਰਜ ਕਰੇ। ਉਨ੍ਹਾਂ ਕਿਹਾ ਕਿ ਕੇਂਦਰ, ਹਰਿਆਣਾ ਅਤੇ ਯੂਪੀ ਸਰਕਾਰਾਂ ਨੇ ਸੜਕਾਂ ਪੁੱਟ ਕੇ ਅਤੇ ਰਾਜਮਾਰਗਾਂ ’ਤੇ ਅੜਿੱਕੇ ਖੜ੍ਹੇ ਕਰਕੇ ਕਿਸਾਨਾਂ ਨੂੰ ਰੋਕਣ ਦੇ ਯਤਨ ਕੀਤੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾ ਸਿਰਫ਼ ਜਾਨਾਂ ਗੁਆਉਣ ਵਾਲੇ 65 ਕਿਸਾਨਾਂ ਦੇ ਪਰਿਵਾਰਾਂ ਸਗੋਂ ਮੁਲਕ ਦੇ 62 ਕਰੋੜ ਕਿਸਾਨਾਂ ਤੋਂ ਵੀ ਮੁਆਫ਼ੀ ਮੰਗਣ। ‘ਇਸ ਮਗਰੋਂ ਪ੍ਰਧਾਨ ਮੰਤਰੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਖੁਦ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਘੱਟ ਅੰਨਦਾਤੇ ਨੂੰ ਕੁਝ ਵੀ ਮਨਜ਼ੂਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜ਼ਿੰਮੇਵਾਰ ਹਨ ਤੇ ਸੁਪਰੀਮ ਕੋਰਟ ਇਸ ਦਾ ਜ਼ਰੂਰ ਨੋਟਿਸ ਲਵੇਗਾ। -ਪੀਟੀਆਈ