ਨਵੀਂ ਦਿੱਲੀ, 7 ਜੂਨ
ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਵਿਡ-19 ਕਰਕੇ ਯਤੀਮ ਹੋਏ ਬੱਚਿਆਂ ਲਈ ਹਾਲੀਆ ਸ਼ੁਰੂ ਕੀਤੀ ‘ਪੀਐੱਮ-ਕੇਅਰਜ਼ ਫਾਰ ਚਿਲਡਰਨ’ ਸਕੀਮ ਦੀਆਂ ਲੋੜਾਂ ਤੇ ਹੋਰ ਸੰਭਾਵਨਾਵਾਂ ਬਾਰੇ ਕੋਰਟ ਨੂੰ ਦੱਸਣ ਲਈ ਅਜੇ ਹੋਰ ਸਮੇਂ ਦੀ ਲੋੜ ਹੈ। ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ (ਐੱਨਸੀਪੀਸੀਆਰ) ਨੇ ਕਿਹਾ ਕਿ ਪੱਛਮੀ ਬੰਗਾਲ ਤੇ ਦਿੱਲੀ ਵੱਲੋਂ ਲੋੜੀਂਦਾ ਸਹਿਯੋਗ ਨਹੀਂ ਮਿਲ ਰਿਹਾ ਤੇ ਸੂਬਾ ਸਰਕਾਰਾਂ ਨੇ ਅਜੇ ਤੱਕ ਕਰੋਨਾਵਾਇਰਸ ਕਰਕੇ ਆਪਣੇ ਮਾਪਿਆਂ ਨੂੰ ਗੁਆਉਣ ਵਾਲੇ ਬੱਚਿਆਂ ਬਾਰੇ ਸੱਜਰੇ ਅੰਕੜੇ ਮੁਹੱਈਆ ਨਹੀਂ ਕਰਵਾਏ।
ਕੇਂਦਰ ਸਰਕਾਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭੱਟੀ ਨੇ ਜਸਟਿਸ ਐੱਲ.ਐੱਨ.ਰਾਓ ਤੇ ਜਸਟਿਸ ਅਨਿਰੁੱਧ ਬੋਸ ਦੇ ਬੈਂਚ ਨੂੰ ਦੱਸਿਆ ਕਿ ‘ਪੀਐੱਮ-ਕੇਅਰਜ਼ ਫਾਰ ਚਿਲਡਰਨ’ ਸਕੀਮ ਵਿਚਲੀਆਂ ਲੋੜਾਂ ਤੇ ਹੋਰ ਸੰਭਾਵਨਾਵਾਂ ਨੂੰ ਲੈ ਕੇ ਸੂਬਾ ਸਰਕਾਰਾਂ ਤੇ ਮੰਤਰਾਲਿਆਂ ਨਾਲ ਸਲਾਹ ਮਸ਼ਵਰਾ ਜਾਰੀ ਹੈ। ਭੱਟੀ ਨੇ ਕਿਹਾ, ‘ਸਕੀਮ ਦੀਆਂ ਵਿਵਸਥਾਵਾਂ, ਲੋੜਾਂ ਤੇ ਹੋਰ ਸੰਭਾਵਨਾਵਾਂ ਬਾਰੇ ਕੋਰਟ ਨੂੰ ਜਾਣੂ ਕਰਵਾਉਣ ਲਈ ਹੋਰ ਸਮੇਂ ਦੀ ਲੋੜ ਹੈ, ਕਿਉਂਕਿ ਸਲਾਹ ਮਸ਼ਵਰੇ ਦਾ ਅਮਲ ਜਾਰੀ ਹੈ। ਕਰੋਨਾ ਕਰਕੇ ਯਤੀਮ ਹੋਏ ਜਾਂ ਫਿਰ ਘਰੋਂ ਬੇਘਰ ਹੋਏ ਬੱਚਿਆਂ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਮੈਜਿਸਟਰੇਟ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।’ ਉਧਰ ਐੱਨਸੀਪੀਸੀਆਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਕੇ.ਐੱਮ.ਨਟਰਾਜ ਨੇ ਬੈਂਚ ਨੂੰ ਦੱਸਿਆ ਕਿ ਉਸ ਨੂੰ ਪੱਛਮੀ ਬੰਗਾਲ ਤੇ ਦਿੱਲੀ ਕਰਕੇ ਖਾਸੀਆਂ ਮੁਸ਼ਕਲਾਂ ਦਰਪੇਸ਼ ਹਨ, ਕਿਉਂਕਿ ਦੋਵਾਂ ਵੱਲੋਂ ਹੁਣ ਤੱਕ ਸਬੰਧਤ ਬੱਚਿਆਂ ਬਾਰੇ ‘ਬਾਲ ਸਵਰਾਜ’ ਉੱਤੇ ਡੇਟਾ ਹੀ ਅਪਲੋਡ ਨਹੀਂ ਕੀਤਾ ਗਿਆ। ਐੱਨਸੀਪੀਸੀਆਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵੱਖ ਵੱਖ ਰਾਜਾਂ ਵੱਲੋਂ 5 ਜੂਨ ਤੱਕ ਜਮ੍ਹਾਂ ਕੀਤੇ ਡੇਟਾ ਮੁਤਾਬਕ ਕਰੋਨਾ ਮਹਾਮਾਰੀ ਕਰਕੇ ਹੁਣ ਤੱਕ 30,071 ਬੱਚੇ ਯਤੀਮ ਜਾਂ ਫਿਰ ਘਰੋਂ ਬੇਘਰ ਹੋ ਗਏ ਹਨ। ਐਡਵੋਕੇਟ ਚਿਰਾਗ ਸ਼ਰੌਫ਼ ਨੇ ਦਿੱਲੀ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਡੇਟਾ ਬਾਲ ਭਲਾਈ ਕਮੇਟੀਆਂ (ਸੀਡਬਲਿਊਸੀ) ਵੱਲੋਂ ਮੁਹੱਂਈਆ ਕੀਤਾ ਜਾ ਰਿਹੈ, ਜਦੋਂਕਿ ਹੋਰਨਾਂ ਰਾਜਾਂ ਵਿੱਚ ਵੱਖ ਵੱਖ ਵਿਭਾਗ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਡੇਟਾ ਮੁਹੱਈਆ ਕਰਵਾਉਂਦੇ ਹਨ। ਬੈਂਚ ਨੇ ਦਿੱਲੀ ਤੇ ਪੱਛਮੀ ਬੰਗਾਲ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਹਾ, ‘‘ਸਾਡੇ ਹੁਕਮਾਂ ਦੀ ਉਡੀਕ ਨਾ ਕਰੋ ਤੇ ਸਾਰੀਆਂ ਸਬੰਧਤ ਸਕੀਮਾਂ ਨੂੰ ਲਾਗੂ ਕੀਤਾ ਜਾਵੇ।’’ ਬੈਂਚ ਨੇ ਕਿਹਾ ਕਿ ਦਿੱਲੀ ਕੋਲ ਹੋਰਨਾਂ ਰਾਜਾਂ ਵਾਂਗ ਜ਼ਿਲ੍ਹਾ ਪੱਧਰ ’ਤੇ ਟਾਸਕ ਫੋਰਸ ਹੋਣੀ ਚਾਹੀਦੀ ਹੈ ਤੇ ਜਿਵੇਂ ਹੀ ਸਬੰਧਤ ਜਾਣਕਾਰੀ ਮਿਲੇ, ਇਸ ਨੂੰ ਅਪਲੋਡ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਟਾਸਕ ਫੋਰਸ ਕਰੋਨਾ ਕਰਕੇ ਯਤੀਮ ਹੋਣ ਵਾਲੇ ਬੱਚਿਆਂ ਦੀਆਂ ਲੋੜਾਂ ਵੱਲ ਫੌਰੀ ਮੁਖਾਤਬਿ ਹੋਵੇ। ਬੈਂਚ ਨੇ ਕਿਹਾ ਕਿ ਉਹ ਆਪਣੇ ਹੁਕਮਾਂ ਵਿੱਚ ਕੁਝ ਹਦਾਇਤਾਂ ਕਰੇਗੀ, ਜਿਨ੍ਹਾਂ ਨੂੰ ਮੰਗਲਵਾਰ ਤੱਕ ਅਪਲੋਡ ਕਰ ਦਿੱਤਾ ਜਾਵੇਗਾ। -ਪੀਟੀਆਈ