ਨਵੀਂ ਦਿੱਲੀ, 16 ਜਨਵਰੀ
ਸਾਬਕਾ ਸਿਵਲ ਸੇਵਾ ਅਧਿਕਾਰੀਆਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ‘ਪੀਐਮ-ਕੇਅਰਜ਼’ ਫੰਡ ਦੀ ਪਾਰਦਰਸ਼ਤਾ ਉਤੇ ਸਵਾਲ ਉਠਾਏ ਹਨ। 100 ਨੌਕਰਸ਼ਾਹਾਂ ਦੇ ਇਕ ਗਰੁੱਪ ਨੇ ਖੁੱਲ੍ਹੀ ਚਿੱਠੀ ਵਿਚ ਲਿਖਿਆ ਹੈ ਕਿ ਇਮਾਨਦਾਰੀ ਤੇ ਜਨਤਕ ਜ਼ਿੰਮੇਵਾਰੀ ਨੂੰ ਧਿਆਨ ਵਿਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਫੰਡ ਵਿਚੋਂ ਖ਼ਰਚੇ ਜਾਣ ਵਾਲੇ ਪੈਸੇ ਦੀ ਜਾਣਕਾਰੀ ਨਸ਼ਰ ਕੀਤੀ ਜਾਵੇ। ਇਸ ਤਰ੍ਹਾਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ। ਪੱਤਰ ਵਿਚ ਸਾਬਕਾ ਅਧਿਕਾਰੀਆਂ ਨੇ ਲਿਖਿਆ ਹੈ ਕਿ ਇਸ ਫੰਡ ਦੇ ਮੰਤਵ ਤੇ ਜਿਸ ਢੰਗ ਨਾਲ ਇਸ ਨੂੰ ਵਰਤਿਆ ਜਾ ਰਿਹਾ ਹੈ, ਬਾਰੇ ਕਈ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੁਤਬੇ ਤੇ ਕੱਦ ਦੇ ਮੱਦੇਨਜ਼ਰ ਲੋੜੀਂਦਾ ਹੈ ਕਿ ਉਨ੍ਹਾਂ ਸਾਰੇ ਕੰਮਾਂ ਵਿਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ ਜੋ ਪ੍ਰਧਾਨ ਮੰਤਰੀ ਨਾਲ ਕਿਸੇ ਤਰ੍ਹਾਂ ਜੁੜੇ ਹੋਏ ਹਨ। ਪੱਤਰ ’ਤੇ ਸਾਬਕਾ ਆਈਏਐੱਸ ਅਧਿਕਾਰੀ ਅਨੀਤਾ ਅਗਨੀਹੋਤਰੀ, ਐੱਸ.ਪੀ. ਅੰਬਰੋਜ਼, ਸ਼ਰਦ ਬੇਹਾਰ, ਸੱਜਾਦ ਹਸਨ, ਹਰਸ਼ ਮੰਦਰ, ਅਰੁਣਾ ਰੌਏ, ਸਾਬਕਾ ਆਈਪੀਐੱਸ ਏ.ਐੱਸ. ਦੁੱਲਤ, ਜੂਲੀਓ ਰਬਿੇਰੋ ਤੇ ਹੋਰਾਂ ਦੇ ਹਸਤਾਖ਼ਰ ਹਨ। -ਪੀਟੀਆਈ