ਦਾਹੋਦ (ਗੁਜਰਾਤ), 10 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋ ਭਾਰਤ- ਇਕ ਅਮੀਰਾਂ ਤੇ ਦੂਜਾ ਗਰੀਬਾਂ ਲਈ, ਸਿਰਜਣ ਦਾ ਦੋਸ਼ ਲਾਇਆ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ਦੇ ਸਰੋਤ ਕੁਝ ਮੁੱਠੀ ਭਰ ਧਨਾਢਾਂ ਹੱੱਥ ਦਿੱਤੇ ਜਾ ਰਹੇ ਹਨ। ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਦੇ ਹਵਾਲੇ ਨਾਲ ਰਾਹੁਲ ਨੇ ਕਿਹਾ ਕਿ ‘ਗੁਜਰਾਤ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਧਰਨੇ ਪ੍ਰਦਰਸ਼ਨਾਂ ਲਈ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।’ ਆਗਾਮੀ ਗੁਜਰਾਤ ਅਸੈਂਬਲੀ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਰਾਹੁਲ ਇਥੇ ਕਬਾਇਲੀ ਬਹੁਗਿਣਤੀ ਵਾਲੇ ਦਾਹੋਦ ਜ਼ਿਲ੍ਹੇ ਵਿੱਚ ‘ਆਦਿਵਾਸੀ ਸਤਿਆਗ੍ਰਹਿ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਸੂਬੇ ਵਿੱਚ ਸਰਕਾਰ ਬਣਾਏਗੀ। ਦਸੰਬਰ ਵਿੱਚ ਹੋਣ ਵਾਲੀਆ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਗੁਜਰਾਤ ਵਿੱਚ ਇਹ ਪਲੇਠੀ ਰੈਲੀ ਹੈ।
ਰਾਹੁਲ ਗਾਂਧੀ ਨੇ ਕਿਹਾ, ‘‘ਨਰਿੰਦਰ ਮੋਦੀ ਜੀ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਜਿਹੜਾ ਕੰਮ ਉਨ੍ਹਾਂ ਗੁਜਰਾਤ ਵਿੱਚ ਸ਼ੁਰੂ ਕੀਤਾ, ਉਹ ਹੁਣ ਦੇਸ਼ ਵਿੱਚ ਕਰ ਰਹੇ ਹਨ। ਇਸ ਨੂੰ ਗੁਜਰਾਤ ਮਾਡਲ ਕਿਹਾ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਅੱਜ ਦੇਸ਼ ਵਿੱਚ ਦੋ ਭਾਰਤ ਸਿਰਜੇ ਗਏ ਹਨ- ਇਕ ਭਾਰਤ ਅਮੀਰਾਂ ਦਾ ਹੈ ਜਿਸ ਵਿੱਚ ਕੁਝ ਗਿਣੇ ਚੁਣੇ ਲੋਕ, ਵੱਡੇ ਧਨਾਢ ਤੇ ਅਫ਼ਸਰਸ਼ਾਹ ਹਨ, ਜਿਨ੍ਹਾਂ ਕੋਲ ਤਾਕਤ ਤੇ ਪੈਸਾ ਹੈ। ਦੂਜਾ ਭਾਰਤ ਆਮ ਲੋਕਾਂ ਦਾ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੋ ਭਾਰਤ ਨਹੀਂ ਬਲਕਿ ਹਰੇਕ ਲਈ ਸਮਾਨਤਾ ਚਾਹੁੰਦੀ ਹੈ। ਕਾਂਗਰਸ ਚਾਹੁੰਦੀ ਹੈ ਕਿ ਸਾਰਿਆਂ ਵਿੱਚ ਸਰੋਤਾਂ ਦੀ ਇਕੋ ਜਿਹੀ ਵੰਡ ਹੋਵੇ ਅਤੇ ਪਾਰਟੀ ਨੇ ਬੀਤੇ ’ਚ ਸੱਤਾ ਵਿੱਚ ਰਹਿਣ ਮੌਕੇ ਇਹ ਯਕੀਨੀ ਵੀ ਬਣਾਇਆ ਸੀ। ਉਨ੍ਹਾਂ ਕਿਹਾ, ‘‘ਭਾਜਪਾ ਮਾਡਲ ਵਿੱਚ ਲੋਕਾਂ ਦੇ ਸਰੋਤ ਜਿਵੇਂ ਕਿ ਪਾਣੀ, ਜੰਗਲ ਤੇ ਜ਼ਮੀਨ ਜਿਹੜੀ ਕਬਾਇਲੀਆਂ ਤੇ ਹੋਰਨਾਂ ਗਰੀਬ ਲੋਕਾਂ ਦੇ ਹਨ, ਕੁਝ ਮੁੱਠੀ ਭਰ ਲੋਕਾਂ ਹੱਥ ਫੜਾਏ ਜਾ ਰਹੇ ਹਨ।’’ ਗਾਂਧੀ ਨੇ ਦੋਸ਼ ਲਾਇਆ ਕਿ ਸੂਬੇ ਦੀ ਭਾਜਪਾ ਸਰਕਾਰ ਨੇ ਕਬਾਇਲੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਿਰਵੇਂ ਕਰ ਛੱਡਿਆ ਹੈ। ਕਾਂਗਰਸ ਆਗੂ ਨੇ ਕਰੋਨਾਵਾਇਰਸ ਮਹਾਮਾਰੀ ਨਾਲ ਸਿੱਝਣ ਦੇ ਢੰਗ ਤਰੀਕੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਮਹਿਜ਼ ਕੁਝ ਵਿਅਕਤੀ ਕੇਂਦਰ ਸਰਕਾਰ ਚਲਾ ਰਹੇ ਹਨ ਜਦਕਿ ਆਮ ਲੋਕ ਖਾਮੋਸ਼, ਸਹਿਮੇ ਤੇ ਡਰੇ ਹੋਏ ਹਨ। ਗਾਂਧੀ ਨੇ ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਕਾਂਗਰਸ ਸਰਕਾਰਾਂ ਵੱਲੋਂ ਕੀਤੇ ਕੰਮ ਵੀ ਗਿਣਾਏ। -ਪੀਟੀਆਈ